ਪੰਜਾਬ ਸਰਕਾਰ ਦੇ ਇਸ਼ਾਰਿਆਂ ’ਤੇ ਨੱਚ ਰਹੀ ਹੈ ਚੰਡੀਗੜ੍ਹ ਪੁਲਿਸ- ਰਾਜਾ ਵੜਿੰਗ

ਚੰਡੀਗੜ੍ਹ, 3 ਅਕਤੂਬਰ (ਵਿਕਰਮਜੀਤ ਸਿੰਘ ਮਾਨ)- ਪ੍ਰਤਾਪ ਸਿੰਘ ਬਾਜਵਾ ਅਤੇ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਅਗਵਾਈ ’ਚ ਕਾਂਗਰਸ ਵਰਕਰਾਂ ਅਤੇ ਆਗੂਆਂ ਵਲੋਂ ਖਹਿਰਾ ਦੀ ਗ੍ਰਿਫ਼ਤਾਰੀ ਨੂੰ ਲੈ ਕੇ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਡੀ.ਜੀ.ਪੀ. ਦਫ਼ਤਰ ਵੱਲ ਜਾਂਦੇ ਹੋਏ ਕਾਂਗਰਸ ਆਗੂਆਂ ਨੂੰ ਚੰਡੀਗੜ੍ਹ ਪੁਲਿਸ ਵਲੋਂ ਕਾਂਗਰਸ ਭਵਨ ਨੇੜੇ ਹੀ ਰੋਕਣ ਲਈ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਗਏ ਹਨ। ਕਾਂਗਰਸ ਵਲੋਂ ਪੰਜਾਬ ਸਰਕਾਰ ਖ਼ਿਲਾਫ਼ ਬਦਲਾਖੋਰੀ ਦੀ ਰਾਜਨੀਤੀ ਤਹਿਤ ਕੰਮ ਕਰਨ ਅਤੇ ਭਗਵੰਤ ਮਾਨ ਮੁਰਦਾਬਾਦ ਦੇ ਨਾਅਰੇ ਲਗਾਏ ਜਾ ਰਹੇ ਹਨ। ਇਸ ਮੌਕੇ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਿਹਾ ਕਿ ਪਹਿਲੀ ਵਾਰੀ ਦੇਖਣ ਨੂੰ ਮਿਲਿਆ ਹੈ ਕਿ ਚੰਡੀਗੜ੍ਹ ਪੁਲਿਸ ਪੰਜਾਬ ਸਰਕਾਰ ਦੇ ਇਸ਼ਾਰਿਆਂ ’ਤੇ ਨੱਚ ਰਹੀ ਹੈ। ਉਨ੍ਹਾਂ ਕਿਹਾ ਕਿ ਪਹਿਲਾਂ ਬੇਰੀਕੇਡਿੰਗ ਤੱਕ ਤਾਂ ਜਾਣ ਦਿੱਤਾ ਜਾਂਦਾ ਸੀ ਪਰ ਹੁਣ ਧਾਰਾ 144 ਲਾ ਕੇ ਸਾਨੂੰ ਇੱਥੇ ਹੀ ਰੋਕ ਦਿੱਤਾ ਗਿਆ ਹੈ। ਪੰਜਾਬ ਕਾਂਗਰਸ ਨੇ ਇਥੇ ਚੰਡੀਗੜ੍ਹ ਪੁਲਿਸ ਖ਼ਿਲਾਫ਼ ਵੀ ਨਾਅਰੇਬਾਜ਼ੀ ਕੀਤੀ। ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਸੁਨੀਲ ਜਾਖੜ ’ਤੇ ਵੀ ਦੋਸ਼ ਲਗਾਇਆ ਕਿ ਉਹ ਸਰਕਾਰ ਨਾਲ ਮਿਲ ਕੇ ਕੰਮ ਕਰ ਕਰ ਰਹੇ ਹਨ। ਅਸੀਂ ਪੰਜਾਬ ਦੀ ਜਨਤਾ ਨੂੰ ਸੁਨੇਹਾ ਦਿੰਦੇ ਹਨ ਕਿ ਸਰਕਾਰ ਜਿੰਨਾ ਮਰਜ਼ੀ ਧੱਕਾ ਕਰ ਲਵੇ, ਅਸੀਂ ਆਪਣੇ ਹਰ ਆਗੂ ਅਤੇ ਵਰਕਰ ਨਾਲ ਖੜੇ ਹਾਂ। ਇਸ ਮੌਕੇ ਡੀ.ਜੀ.ਪੀ. ਦਫ਼ਤਰ ਵਲੋਂ ਆਏ ਪੁਲਿਸ ਅਧਿਕਾਰੀਆਂ ਨੇ ਸੁਨੇਹਾ ਦਿੱਤਾ ਕਿ ਡੀ.ਜੀ.ਪੀ. ਅੱਜ ਚੰਡੀਗੜ੍ਹ ਵਿਚ ਨਹੀਂ ਹਨ, ਇਸ ਲਈ ਉਹ ਮੰਗ ਪੱਤਰ ਲੈਣ ਆਏ ਹਨ। ਕਾਂਗਰਸ ਆਗੂਆਂ ਵਲੋਂ ਡੀ.ਜੀ.ਪੀ. ਦੇ ਨਾਮ ਮੰਗ ਪੱਤਰ ਸੌਂਪ ਦਿੱਤਾ। ਜਿਸ ਵਿਚ ਸੁਖਪਾਲ ਸਿੰਘ ਖਹਿਰਾ ਖ਼ਿਲਾਫ਼ ਦਰਜ ਕੀਤੇ ਮਾਮਲੇ ਦੀ ਨਿਰਪੱਖ ਜਾਂਚ ਕਰਵਾ ਕੇ ਉਨ੍ਹਾਂ ਨੂੰ ਰਿਹਾਅ ਕਰਨ ਦੀ ਮੰਗ ਕੀਤੀ ਗਈ ਹੈ ।