ਥਾਈਲੈਂਡ: ਮਾਲ ਵਿਚ ਹੋਈ ਗੋਲੀਬਾਰੀ ਵਿਚ 3 ਲੋਕਾਂ ਦੀ ਮੌਤ

ਬੈਂਕਾਕ, 3 ਅਕਤੂਬਰ- ਡਾਕਟਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਥਾਈਲੈਂਡ ਦੀ ਰਾਜਧਾਨੀ ਬੈਂਕਾਕ ਵਿਚ ਇਕ ਸ਼ਾਪਿੰਗ ਮਾਲ ਵਿਚ ਹੋਈ ਗੋਲੀਬਾਰੀ ਵਿਚ ਘੱਟ ਤੋਂ ਘੱਟ ਤਿੰਨ ਲੋਕਾਂ ਦੀ ਮੌਤ ਹੋ ਗਈ ਹੈ। ਬੀ.ਬੀ.ਸੀ. ਨੇ ਦੱਸਿਆ ਕਿ ਹੈਂਡਗਨ ਦੀ ਵਰਤੋਂ ਕਰਨ ਵਾਲੇ 14 ਸਾਲਾ ਸ਼ੱਕੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਬੈਂਕਾਕ ਦੇ ਐਮਰਜੈਂਸੀ ਮੈਡੀਕਲ ਸੈਂਟਰ ਦੀ ਡਾਇਰੈਕਟਰ ਯੁਥਾਨਾ ਸਰੇਥਾਨਨ ਨੇ ਦੱਸਿਆ ਕਿ ਸਿਆਮ ਪੈਰਾਗਨ ਮਾਲ ’ਚ ਗੋਲੀਬਾਰੀ ਦੀ ਘਟਨਾ ’ਚ ਛੇ ਲੋਕ ਜ਼ਖਮੀ ਹੋਏ ਹਨ। ਸੋਸ਼ਲ ਮੀਡੀਆ ’ਤੇ ਸ਼ੇਅਰ ਕੀਤੀ ਗਈ ਇਕ ਵੀਡੀਓ ’ਚ ਗੋਲੀਬਾਰੀ ਦੀ ਆਵਾਜ਼ ਸੁਣਨ ਤੋਂ ਬਾਅਦ ਵੱਡੀ ਗਿਣਤੀ ’ਚ ਲੋਕ ਮਾਲ ’ਚੋਂ ਭੱਜਦੇ ਦਿਖਾਈ ਦਿੱਤੇ। ਮੌਕੇ ’ਤੇ ਮੌਜੂਦ ਲੋਕਾਂ ਨੇ ਦੱਸਿਆ ਕਿ ਉਨ੍ਹਾਂ ਵਿਚੋਂ ਕੁਝ ਗੋਲੀਬਾਰੀ ਤੋਂ ਬਚਣ ਲਈ ਦੁਕਾਨਾਂ ਅਤੇ ਬਾਥਰੂਮਾਂ ਵਿਚ ਲੁਕ ਗਏ। ਪੁਲਿਸ ਦੇ ਬੁਲਾਰੇ ਆਰਚਯੋਨ ਕ੍ਰਾਇਥੋਂਗ ਨੇ ਕਿਹਾ ਕਿ ਸ਼ੱਕੀ ਦੇ ਪੁਲਿਸ ਕੋਲ ਆਤਮ ਸਮਰਪਣ ਕਰਨ ਤੋਂ ਬਾਅਦ ਸਥਿਤੀ ਕਾਬੂ ਵਿਚ ਆ ਗਈ ਹੈ।