ਡਿਊਟੀ ਪ੍ਰਤੀ ਅਣਗਹਿਲੀ ਬਦਲੇ ਮਾਨਸਾ ਜੇਲ੍ਹ ਦਾ ਸੁਪਰਡੈਂਟ ਵੀ ਮੁਅੱਤਲ

ਮਾਨਸਾ, 3 ਅਕਤੂਬਰ (ਬਲਵਿੰਦਰ ਸਿੰਘ ਧਾਲੀਵਾਲ) - ਪੰਜਾਬ ਸਰਕਾਰ ਨੇ ਮਾਨਸਾ ਜੇਲ੍ਹ ਦੇ ਸੁਪਰਡੈਂਟ ਅਰਵਿੰਦਰ ਪਾਲ ਸਿੰਘ ਭੱਟੀ ਨੂੰ ਡਿਊਟੀ ਪ੍ਰਤੀ ਅਣਗਹਿਲੀ ਕਰਨ ਦੇ ਦੋਸ਼ 'ਚ ਮੁਅੱਤਲ ਕਰ ਦਿੱਤਾ ਹੈ । ਦੱਸਣਯੋਗ ਹੈ ਕਿ ਜੇਲ੍ਹ 'ਚੋਂ ਰਿਹਾਅ ਹੋਏ ਬੰਦੀ ਸੁਭਾਸ਼ ਕੁਮਾਰ ਅਰੋੜਾ ਪੁੱਤਰ ਮੱਖਣ ਲਾਲ ਨੇ ਪਿਛਲੇ ਦਿਨੀਂ ਮੀਡੀਆ 'ਚ ਖ਼ੁਲਾਸਾ ਕੀਤਾ ਸੀ ਕਿ ਜੇਲ੍ਹ 'ਚ ਬੰਦ ਆਰਥਿਕ ਪੱਖੋਂ ਤਕੜੇ ਕੈਦੀ/ਮੁਲਜ਼ਮ ਜੇਲ੍ਹ ਅਧਿਕਾਰੀਆਂ ਨੂੰ ਪੈਸੇ ਦੇ ਕੇ ਨਸ਼ਿਆਂ ਸਮੇਤ ਹਰ ਸੁੱਖ ਸਹੂਲਤ ਦਾ ਆਨੰਦ ਮਾਣਦੇ ਹਨ । ਕਿਰਕਰੀ ਦੇ ਚੱਲਦਿਆਂ ਪੰਜਾਬ ਸਰਕਾਰ ਨੇ ਇਸ ਮਾਮਲੇ 'ਚ 2 ਸਹਾਇਕ ਸੁਪਰਡੈਂਟਾਂ ਸਣੇ 3 ਵਾਰਡਰਾਂ ਨੂੰ ਮੁਅੱਤਲ ਕਰਨ ਤੋਂ ਬਾਅਦ ਨਸ਼ੇ ਦੀ ਸਪਲਾਈ ਦੇ ਦੋਸ਼ 'ਚ ਸਹਾਇਕ ਸੁਪਰਡੈਂਟ ਭਿਵਮ ਤੇਜ ਸਿੰਗਲਾ ਤੇ ਕੁਲਜੀਤ ਸਿੰਘ ਤੋਂ ਇਲਾਵਾ ਫਾਰਮੇਸੀ ਅਫ਼ਸਰ ਸੰਦੀਪ ਸਿੰਘ, ਹਵਾਲਾਤੀ ਅਮਰਜੀਤ ਸਿੰਘ ਅਤੇ ਕੈਦੀ ਅੰਕੁਰ ਮਹਿਤਾ ਖ਼ਿਲਾਫ਼ ਥਾਣਾ ਸਦਰ ਵਿਖੇ ਮੁਕੱਦਮਾ ਦਰਜ ਕੀਤਾ ਗਿਆ । ਜੇਲ੍ਹ ਸੁਪਰਡੈਂਟ ਦੀ ਮੁਅੱਤਲੀ ਜੇਲ੍ਹ ਵਿਭਾਗ ਦੇ ਡੀ.ਆਈ.ਜੀ. ਵਲੋਂ ਭੇਜੀ ਗਈ ਰਿਪੋਰਟ ਦੇ ਆਧਾਰ 'ਤੇ ਕੁਮਾਰ ਰਾਹੁਲ ਸਕੱਤਰ ਜੇਲ੍ਹਾਂ ਵਿਭਾਗ ਪੰਜਾਬ ਵਲੋਂ ਕੀਤੀ ਗਈ ਹੈ । ਇਕਬਾਲ ਸਿੰਘ ਬਰਾੜ ਡਿਪਟੀ ਸੁਪਰਡੈਂਟ ਨੂੰ ਬਤੌਰ ਸੁਪਰਡੈਂਟ ਜੇਲ੍ਹ ਤਾਇਨਾਤ ਕੀਤਾ ਗਿਆ ਹੈ ।