ਇਟਲੀ:ਵੇਨਿਸ ਪੁਲ ਤੋਂ ਬੱਸ ਡਿਗਣ ਕਾਰਨ 21 ਮੌਤਾਂ

ਵੈਨਿਸ (ਇਟਲੀ), 4 ਅਕਤੂਬਰ (ਹਰਦੀਪ ਸਿੰਘ ਕੰਗ)- ਇਟਲੀ ਵਿਚ ਬੀਤੀ ਸ਼ਾਮ 7 ਤੋਂ 8 ਵਿਚਕਾਰ ਵਾਪਰੇ ਭਿਆਨਕ ਹਾਦਸੇ ਵਿਚ 21 ਮੌਤਾਂ ਅਤੇ ਕਈ ਹੋਰਨਾਂ ਦੇ ਜ਼ਖ਼ਮੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਮਿਲੀ ਜਾਣਕਾਰੀ ਅਨੁਸਾਰ ਇਟਲੀ ਦੇ ਸ਼ਹਿਰ ਵੀਨਸ ਦੇ ਇਲਾਕੇ ਮੈਸਤਰੇ ਵਿਖੇ ਇਕ ਬੱਸ ਇਕ ਸੜਕ ਦੇ ਪੁੱਲ ਤੋਂ ਡਿੱਗ ਕੇ ਸੜਕ ਦੇ ਨੇੜਲੇ ਰੇਲਵੇ ਟਰੈਕ ’ਤੇ ਜਾ ਡਿੱਗੀ ਅਤੇ ਬੱਸ ਨੂੰ ਅੱਗ ਲੱਗ ਗਈ। ਜਿਸ ਵਿਚ 21 ਵਿਅਕਤੀਆਂ ਦੀ ਮੌਤ ਹੋ ਦੀ ਜਾਣਕਾਰੀ ਸਾਹਮਣੇ ਆਈ ਹੈ। ਹਾਦਸੇ ਦਾ ਪਤਾ ਚੱਲਦਿਆ ਹੀ ਐਮਰਜੈਂਸੀ ਸੇਵਾਵਾਂ ਲਈ ਪੁਲਿਸ ਅਤੇ ਪ੍ਰਸ਼ਾਸ਼ਨ ਦੁਆਰਾ ਆਪ੍ਰੇਸ਼ਨ ਚਲਾਇਆ ਗਿਆ। ਜ਼ਖ਼ਮੀਆਂ ਨੂੰ ਹਸਪਤਾਲ ਪਹੁੰਚਾਇਆ ਗਿਆ ਹੈ। ਵੈਨਿਸ ਦੇ ਮੇਅਰ ਲੁਈਗੀ ਬਰੂਗਨਾਰੋ ਨੇ ਕਿਹਾ ਕਿ ਘੱਟੋ-ਘੱਟ 21 ਲੋਕਾਂ ਦੀ ਮੌਤ ਹੋ ਗਈ ਹੈ, ਇਹ ਇਕ ਵੱਡੀ ਤ੍ਰਾਸਦੀ ਹੈ। ਪ੍ਰਧਾਨ ਮੰਤਰੀ ਜੌਰਜੀਆ ਮੇਲੋਨੀ ਨੇ ਕਿਹਾ ਕਿ ਮੈਂ ਮੇਸਤਰੇ ਵਿਚ ਵਾਪਰੇ ਗੰਭੀਰ ਹਾਦਸੇ ਲਈ ਆਪਣੀ ਡੂੰਘੀ ਸੰਵੇਦਨਾ ਪ੍ਰਗਟ ਕਰਦੀ ਹਾਂ।