ਮੱਧ ਪ੍ਰਦੇਸ਼: ਜ਼ਹਿਰੀਲੇ ਭੋਜਨ ਕਾਰਨ 100 ਤੋਂ ਵੱਧ ਬੱਚੇ ਬਿਮਾਰ

ਭੋਪਾਲ, 4 ਅਕਤੂਬਰ- ਮੱਧ ਪ੍ਰਦੇਸ਼ ਦੇ ਗਵਾਲੀਅਰ ਵਿਚ ਜ਼ਹਿਰੀਲੇ ਭੋਜਨ ਕਾਰਨ 100 ਤੋਂ ਵੱਧ ਵਿਦਿਆਰਥੀ ਬਿਮਾਰ ਹੋ ਗਏ ਹਨ, ਜਿਨ੍ਹਾਂ ਵਿਚੋਂ ਕਈਆਂ ਨੂੰ ਐਲ.ਐਨ.ਆਈ.ਪੀ.ਈ. ਗਵਾਲੀਅਰ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਹੈ। ਗਜਰਾ ਰਾਜਾ ਮੈਡੀਕਲ ਕਾਲਜ ਦੇ ਮੈਡੀਕਲ ਸੁਪਰਡੈਂਟ ਡਾ: ਆਰ.ਕੇ.ਐਸ. ਧਾਕੜ ਨੇ ਕਿਹਾ ਕਿ ਲਗਭਗ 100 ਬੱਚਿਆਂ ਨੂੰ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ, ਜਿਨ੍ਹਾਂ ਦਾ ਇਲਾਜ ਚੱਲ ਰਿਹਾ ਹੈ। ਉਨ੍ਹਾਂ ਦੇ ਸ਼ੁਰੂਆਤੀ ਲੱਛਣਾਂ ਵਿਚ ਉਲਟੀਆਂ, ਮਾਸਪੇਸ਼ੀਆਂ ਵਿਚ ਅਕੜਾਅ, ਸਾਹ ਲੈਣ ਵਿਚ ਦਿੱਕਤ ਸ਼ਾਮਿਲ ਹੈ। ਉਨ੍ਹਾਂ ਕਿਹਾ ਕਿ ਇਹ ਫ਼ੂਡ ਪਾਈਜ਼ਨਿੰਗ ਦੇ ਲੱਛਣ ਹਨ ਪਰ ਜੋ ਖਾਣਾ ਬੱਚਿਆਂ ਨੇ ਖਾਧਾ ਹੈ ਉਸ ਦੀ ਜਾਂਚ ਤੋਂ ਬਾਅਦ ਹੀ ਇਸ ਦੀ ਪੁਸ਼ਟੀ ਕੀਤੀ ਜਾ ਸਕੇਗੀ। ਉਨ੍ਹਾਂ ਕਿਹਾ ਕਿ ਇਕ ਬੱਚੇ ਦੀ ਹਾਲਤ ਨਾਜ਼ੁਕ ਹੈ ਅਤੇ ਉਸ ਨੂੰ ਵੈਂਟੀਲੇਟਰ ’ਤੇ ਰੱਖਿਆ ਗਿਆ ਹੈ। ਬਾਕੀ 5-6 ਬੱਚਿਆਂ ਦੀ ਵੀ ਇੰਟੈਂਸਿਵ ਕੇਅਰ ਚੱਲ ਰਹੀ ਹੈ ਅਤੇ ਉਨ੍ਹਾਂ ਨੂੰ ਆਈ.ਸੀ.ਯੂ. ਵਿਚ ਰੱਖਿਆ ਗਿਆ ਹੈ।