ਕੇਜਰੀਵਾਲ ਤੇ ਭਗਵੰਤ ਮਾਨ ਦਾ ਪਟਿਆਲਾ 'ਚ ਕਾਲੀਆਂ ਝੰਡੀਆਂ ਨਾਲ ਹੋਇਆ ਵਿਰੋਧ

ਪਟਿਆਲਾ, 2 ਅਕਤੂਬਰ (ਗੁਰਪ੍ਰੀਤ ਸਿੰਘ ਚੱਠਾ)-ਅੱਜ ਪਟਿਆਲਾ ਵਿਖੇ ਸਿਹਤਮੰਦ ਪੰਜਾਬ ਦੀ ਸ਼ੁਰੂਆਤ ਲਈ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਪੁੱਜ ਰਹੇ ਹਨ। ਇਸ ਤਹਿਤ ਮਾਤਾ ਕੌਸ਼ਲਿਆ ਹਸਪਤਾਲ ਵਿਖੇ ਉਨ੍ਹਾਂ ਨੇ ਉਦਘਾਟਨ ਕਰਨਾ ਸੀ। ਇਸ ਦੌਰਾਨ ਇੱਥੋਂ ਕੁਝ ਦੂਰੀ 'ਤੇ ਹੀ ਹੋਟਲ ਮਾਲਕਾਂ, ਦੁਕਾਨਦਾਰਾਂ, ਰੇਹੜੀ ਫੜੀ ਅਤੇ ਆਟੋ ਰਿਕਸ਼ਾ ਵਾਲਿਆਂ ਨੇ ਇਕੱਠੇ ਹੋ ਕੇ ਆਮ ਆਦਮੀ ਪਾਰਟੀ ਅਤੇ ਭਗਵੰਤ ਮਾਨ ਖ਼ਿਲਾਫ਼ ਕਾਲੇ ਝੰਡੇ ਲਾ ਕੇ ਨਾਅਰੇਬਾਜ਼ੀ ਕੀਤੀ। ਇਸ ਮੌਕੇ ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਸਾਡੇ ਰੋਜ਼ਗਾਰ ਖੋਹ ਲਏ ਹਨ। ਇਸ ਕਰਕੇ ਸਾਨੂੰ ਸਾਡੇ ਪਰਿਵਾਰ ਪਾਲਣੇ ਔਖੇ ਹੋ ਗਏ, ਜਿਸ ਦੇ ਰੋਸ ਵਜੋਂ ਗੁੱਸੇ 'ਚ ਆਏ ਇਨ੍ਹਾਂ ਲੋਕਾਂ ਵਲੋਂ ਵਿਰੋਧ ਕੀਤਾ ਗਿਆ।