ਬੰਦੀ ਸਿੰਘਾਂ ਦੀ ਰਿਹਾਈ ਲਈ ਤਖ਼ਤ ਸ੍ਰੀ ਦਮਦਮਾ ਸਾਹਿਬ ਵਿਖੇ ਅਖ਼ੰਡ ਪਾਠ ਸ਼ੁਰੂ
ਤਲਵੰਡੀ ਸਾਬੋ, 1 ਦਸੰਬਰ (ਰਣਜੀਤ ਸਿੰਘ ਰਾਜੂ)- ਅਸਾਮ ਦੀ ਜੇਲ੍ਹ ’ਚ ਬੰਦ ਵਾਰਿਸ ਪੰਜਾਬ ਦੇ ਜਥੇਬੰਦੀ ਦੇ ਮੁਖੀ ਭਾਈ ਅੰਮ੍ਰਿਤਪਾਲ ਸਿੰਘ ਦੀ ਮਾਤਾ ਬੀਬੀ ਬਲਵਿੰਦਰ ਕੌਰ ਦੀ ਅਗਵਾਈ ’ਚ ਜੇਲ੍ਹਾਂ ਚ ਬੰਦ ਬੰਦੀ ਸਿੰਘਾਂ ਦੀ ਰਿਹਾਈ ਲਈ ਅਰਦਾਸ ਕਰਨ ਦੀ ਸ਼ੁਰੂ ਕੀਤੀ ਮੁਹਿੰਮ ਦੀ ਲੜੀ ਤਹਿਤ ਅੱਜ ਜਥੇਬੰਦੀ ਵਲੋਂ ਸਿੱਖ ਕੌਮ ਦੇ ਚੌਥੇ ਤਖ਼ਤ, ਤਖ਼ਤ ਸ੍ਰੀ ਦਮਦਮਾ ਸਾਹਿਬ ਵਿਖੇ ਸ੍ਰੀ ਅਖ਼ੰਡ ਪਾਠ ਸਾਹਿਬ ਦੇ ਪ੍ਰਕਾਸ਼ ਕਰਵਾ ਦਿੱਤੇ ਗਏ ਹਨ। 3 ਦਸੰਬਰ ਨੂੰ ਭੋਗ ਉਪਰੰਤ ਬੰਦੀ ਸਿੰਘਾਂ ਦੀ ਰਿਹਾਈ ਲਈ ਅਰਦਾਸ ਹੋਵੇਗੀ, ਜਿਸ ਵਿਚ ਮਾਤਾ ਬਲਵਿੰਦਰ ਕੌਰ ਤੋਂ ਇਲਾਵਾ ਵੱਡੀ ਗਿਣਤੀ ਸਿੱਖ ਸੰਗਤਾਂ ਦੇ ਪੁੱਜਣ ਦੀ ਉਮੀਦ ਹੈ। ਦੂਜੇ ਪਾਸੇ ਅਰਦਾਸ ਸਮਾਗਮ ਨੂੰ ਲੈ ਕੇ ਪੁਲਿਸ ਪ੍ਰਸ਼ਾਸਨ ਵੀ ਹਰਕਤ ’ਚ ਦਿਖਿਆ। ਤਖ਼ਤ ਸਾਹਿਬ ਦੇ ਨੇੜੇ ਅੱਜ ਪੁਲਿਸ ਵਾਹਨ ’ਚ ਦੰਗਾ ਰੋਕੂ ਦਸਤੇ ਦੇ ਮੁਲਾਜ਼ਮ ਬੈਠੇ ਦਿਖਾਈ ਦਿੱਤੇ ਜਦੋਂਕਿ ਤਖ਼ਤ ਸਾਹਿਬ ਕੰਪਲੈਕਸ ਅੰਦਰ ਪੁਲਿਸ ਮੁਲਾਜ਼ਮਾਂ ਦੇ ਨਾਲ ਪੁਲਿਸ ਦੇ ਉੱਚ ਅਧਿਕਾਰੀ ਵੀ ਸਰਗਰਮ ਨਜ਼ਰ ਆਏ।