ਕੈਬਨਿਟ ਮੰਤਰੀ ਧਾਲੀਵਾਲ ਨੇ ਕਾਰਾਂ ਦੀ ਟੱਕਰ ਵਿਚ ਜ਼ਖਮੀਆਂ ਨੂੰ ਆਪਣੀ ਗੱਡੀ ਰਾਹੀਂ ਹਸਪਤਾਲ ਪਹੁੰਚਾਇਆ

ਅਜਨਾਲਾ, 1 ਦਸੰਬਰ (ਗੁਰਪ੍ਰੀਤ ਸਿੰਘ ਢਿੱਲੋਂ)-ਦੇਰ ਸ਼ਾਮ ਅਜਨਾਲਾ ਅੰਮ੍ਰਿਤਸਰ ਮੁੱਖ ਮਾਰਗ 'ਤੇ ਨਵੀਂ ਕਚਹਿਰੀ ਨਜ਼ਦੀਕ ਦੋ ਕਾਰਾਂ ਵਿਚਾਲੇ ਹੋਈ ਟੱਕਰ ਕਾਰਨ ਗੰਭੀਰ ਜ਼ਖਮੀ ਮਹਿਲਾ ਤੇ ਹੋਰਨਾਂ ਨੂੰ ਅਜਨਾਲਾ ਤੋਂ ਆਪਣੇ ਘਰ ਜਾ ਰਹੇ ਪੰਜਾਬ ਦੇ ਐਨ.ਆਰ.ਆਈ. ਮਾਮਲੇ ਤੇ ਪ੍ਰਸ਼ਾਸਨਿਕ ਸੁਧਾਰ ਵਿਭਾਗ ਦੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਵਲੋਂ ਆਪਣਾ ਕਾਫ਼ਲਾ ਰੋਕ ਕੇ ਤੁਰੰਤ ਆਪਣੀ ਗੱਡੀ ਰਾਹੀਂ ਸਿਵਲ ਹਸਪਤਾਲ ਪਹੁੰਚਾਇਆ । ਉਨ੍ਹਾਂ ਡਾਕਟਰ ਸਾਹਿਬਾਨ ਨੂੰ ਜ਼ਖਮੀਆਂ ਦਾ ਇਲਾਜ ਕਰਨ ਵਿਚ ਕੋਈ ਕਮੀ ਨਾ ਰੱਖਣ ਦੀ ਅਪੀਲ ਕੀਤੀ ਅਤੇ ਪਰਿਵਾਰ ਨੂੰ ਹੌਸਲਾ ਦਿੱਤਾ। ਇਸ ਦੌਰਾਨ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਰਾਹਗੀਰਾਂ ਅਤੇ ਆਮ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਜਦ ਵੀ ਕਦੇ ਰਸਤੇ ਵਿਚ ਅਜਿਹਾ ਕੋਈ ਹਾਦਸਾ ਵਾਪਰਿਆ ਨਜ਼ਰ ਆਵੇ ਤਾਂ ਫ਼ੋਟੋ ਖਿੱਚ ਕੇ ਫੇਸਬੁੱਕ ਉੱਤੇ ਪਾਉਣ ਜਾਂ ਕੋਲੋਂ ਚੁੱਪ ਕਰਕੇ ਲੰਘ ਜਾਣ ਨਾਲੋਂ ਜ਼ਖਮੀਆਂ ਦੀ ਮਦਦ ਕਰਨ ਦਾ ਹੀਆ ਕਰਨ ਕਿਉਂਕਿ ਤੁਹਾਡੀ ਇਹ ਕੋਸ਼ਿਸ਼ ਕਈ ਕੀਮਤੀ ਜਾਨਾਂ ਬਚਾ ਸਕਦੀ ਹੈ।