ਅਣਪਛਾਤੇ ਵਿਅਕਤੀ ਵਲੋਂ ਰੇਲ ਗੱਡੀ ਹੇਠ ਆ ਕੇ ਕੀਤੀ ਖ਼ੁਦਕੁਸ਼ੀ
ਸੁਨਾਮ ਊਧਮ ਸਿੰਘ ਵਾਲਾ, 7 ਅਕਤੂਬਰ (ਸਰਬਜੀਤ ਸਿੰਘ ਧਾਲੀਵਾਲ,ਹਰਚੰਦ ਸਿੰਘ ਭੁੱਲਰ)- ਅੱਜ ਬਾਅਦ ਦੁਪਹਿਰ ਜਾਖਲ-ਲੁਧਿਆਣਾ ਰੇਲਵੇ ਲਾਈਨ 'ਤੇ ਸੁਨਾਮ ਨੇੜੇ ਇਕ ਅਣਪਛਾਤੇ ਵਿਅਕਤੀ ਵਲੋਂ ਰੇਲ ਗੱਡੀ ਹੇਠ ਆ ਕੇ ਆਪਣੀ ਜੀਵਨ ਲੀਲਾ ਖ਼ਤਮ ਕਰ ਲੈਣ ਦੀ ਖ਼ਬਰ ਹੈ। ਜੀ.ਆਰ.ਪੀ. ਪੁਲਿਸ ਚੌਂਕੀ ਸੁਨਾਮ ਦੇ ਸਹਾਇਕ ਥਾਣੇਦਾਰ ਨਰਦੇਵ ਸਿੰਘ ਨੇ ਦੱਸਿਆ ਕਿ ਜਾਖਲ-ਲੁਧਿਆਣਾ ਰੇਲਵੇ ਲਾਈਨ 'ਤੇ ਸੁਨਾਮ ਦੇ ਫਲਾਈ ਓਵਰ ਅਤੇ ਸਰਹਿੰਦ ਪੁਲ ਦੇ ਵਿਚਕਾਰ ਇਕ ਵਿਅਕਤੀ ਨੇ ਨੰਦੇੜ ਸਾਹਿਬ ਤੋਂ ਸ਼੍ਰੀ ਗੰਗਾਨਗਰ ਜਾ ਰਹੀ ਨੰਦੇੜ ਐਕਸਪ੍ਰੈੱਸ ਰੇਲ ਗੱਡੀ ਹੇਠ ਆ ਕੇ ਖ਼ੁਦਕੁਸ਼ੀ ਕਰ ਲਈ ਹੈ, ਜਿਸ ਦੀ ਅਜੇ ਤੱਕ ਪਛਾਣ ਨਹੀ ਹੋ ਸਕੀ। ਉਨ੍ਹਾਂ ਕਿਹਾ ਕਿ 35-40 ਸਾਲ ਦੀ ਉਮਰ ਦੇ ਮ੍ਰਿਤਕ ਵਿਅਕਤੀ ਦੇ ਮਰਹੂਮ ਨੌਜਵਾਨ ਗਾਇਕ ਸਿੱਧੂ ਮੂਸੇਵਾਲਾ ਦੀ ਤਸਵੀਰ ਵਾਲੀ ਚਿੱਟੇ ਰੰਗ ਦੀ ਟੀ-ਸ਼ਰਟ ਅਤੇ ਕਾਲੇ ਰੰਗ ਦੀ ਲੋਅਰ ਪਾਈ ਹੋਈ ਹੈ। ਉਨ੍ਹਾਂ ਕਿਹਾ ਕਿ ਜੀ.ਆਰ.ਪੀ. ਵਲੋਂ ਮ੍ਰਿਤਕ ਦੀ ਲਾਸ਼ ਕਬਜ਼ੇ 'ਚ ਲੈ ਕੇ ਅਗਲੇ 72 ਘੰਟਿਆਂ ਲਈ ਸੁਨਾਮ ਰੇਲਵੇ ਸਟੇਸ਼ਨ 'ਤੇ ਜੀ.ਆਰ.ਪੀ. ਚੌਂਕੀ 'ਚ ਰੱਖੀ ਗਈ ਹੈ। ਇਸ ਸੰਬੰਧੀ ਜੇਕਰ ਕਿਸੇ ਕੋਲ ਕੋਈ ਜਾਣਕਾਰੀ ਹੋਵੇ ਤਾਂ ਉਹ ਪੁਲਿਸ ਚੌਂਕੀ ਜੀ.ਆਰ.ਪੀ. ਸੁਨਾਮ ਨਾਲ ਸੰਪਰਕ ਕਰ ਸਕਦਾ ਹੈ।