ਛੱਤੀਸਗੜ੍ਹ: ਸੁਰੱਖਿਆ ਬਲਾਂ ਨੇ ਢੇਰ ਕੀਤੇ 18 ਨਕਸਲੀ

ਰਾਏਪੁਰ, 7 ਮਈ- ਛੱਤੀਸਗੜ੍ਹ ਦੇ ਬੀਜਾਪੁਰ ਜ਼ਿਲ੍ਹੇ ਦੇ ਕਰੇਗੁੱਟਾ ਦੀਆਂ ਵਿਸ਼ਾਲ ਅਤੇ ਪਹੁੰਚ ਤੋਂ ਬਾਹਰ ਪਹਾੜੀਆਂ ਵਿੱਚ ਸੁਰੱਖਿਆ ਬਲ ਪਿਛਲੇ ਦੋ ਹਫ਼ਤਿਆਂ ਤੋਂ ਇਕ ਵਿਸ਼ਾਲ ਨਕਸਲ ਵਿਰੋਧੀ ਕਾਰਵਾਈ ਚਲਾ ਰਹੇ ਹਨ। ਇਸ ਕਾਰਵਾਈ ਤਹਿਤ ਮੰਗਲਵਾਰ ਦੇਰ ਰਾਤ ਇਕ ਵੱਡਾ ਮੁਕਾਬਲਾ ਹੋਇਆ, ਜਿਸ ਵਿਚ ਸੁਰੱਖਿਆ ਬਲਾਂ ਨੇ 18 ਤੋਂ ਵੱਧ ਨਕਸਲੀਆਂ ਨੂੰ ਮਾਰ ਦਿੱਤਾ। ਮਾਰੇ ਗਏ ਨਕਸਲੀਆਂ ਦੀ ਗਿਣਤੀ ਵਧ ਸਕਦੀ ਹੈ। ਮਾਰੇ ਗਏ ਨਕਸਲੀਆਂ ਤੋਂ ਹਥਿਆਰ ਅਤੇ ਵਿਸਫੋਟਕ ਸਮੱਗਰੀ ਬਰਾਮਦ ਕੀਤੀ ਗਈ ਹੈ। ਇਹ ਕਾਰਵਾਈ ਪਿਛਲੇ 15 ਦਿਨਾਂ ਤੋਂ ਲਗਾਤਾਰ ਕੀਤੀ ਜਾ ਰਹੀ ਹੈ, ਜਿਸ ਵਿਚ ਕਈ ਨਕਸਲੀ ਮਾਰੇ ਗਏ ਹਨ। ਕਰੇਗੁੱਟਾ ਖੇਤਰ ਦੀ ਭੂਗੋਲਿਕ ਸਥਿਤੀ ਨੂੰ ਦੇਖਦੇ ਹੋਏ ਖੋਜ ਮੁਹਿੰਮ ਨੂੰ ਚੁਣੌਤੀਪੂਰਨ ਦੱਸਿਆ ਜਾ ਰਿਹਾ ਹੈ, ਪਰ ਸੁਰੱਖਿਆ ਬਲ ਖੋਜ ਅਤੇ ਗਸ਼ਤ ਕਾਰਜ ਚਲਾ ਰਹੇ ਹਨ। ਸੂਤਰਾਂ ਅਨੁਸਾਰ ਇਸ ਇਲਾਕੇ ਵਿਚ ਕੁਝ ਚੋਟੀ ਦੇ ਨਕਸਲੀ ਆਗੂਆਂ ਦੀ ਮੌਜੂਦਗੀ ਬਾਰੇ ਖੁਫੀਆ ਜਾਣਕਾਰੀ ਮਿਲੀ ਸੀ, ਜਿਸ ਦੇ ਆਧਾਰ ’ਤੇ ਕਾਰਵਾਈ ਤੇਜ਼ ਕੀਤੀ ਗਈ। ਇਹ ਉਮੀਦ ਕੀਤੀ ਜਾ ਰਹੀ ਹੈ ਕਿ ਮਾਰੇ ਗਏ ਨਕਸਲੀਆਂ ਦੀ ਗਿਣਤੀ ਹੋਰ ਵੱਧ ਸਕਦੀ ਹੈ, ਕਿਉਂਕਿ ਸੁਰੱਖਿਆ ਬਲ ਕਈ ਹੋਰ ਲੁਕਣਗਾਹਾਂ ’ਤੇ ਆਪਣੀ ਕਾਰਵਾਈ ਜਾਰੀ ਰੱਖ ਰਹੇ ਹਨ।