ਨਿਊ ਕੈਂਟ 'ਚ ਅਚਾਨਕ ਗੋਲੀ ਲੱਗਣ ਕਾਰਨ ਇਕ ਫ਼ੌਜੀ ਦੀ ਮੌਤ

ਕਪੂਰਥਲਾ, 15 ਮਈ (ਅਮਨਜੋਤ ਸਿੰਘ ਵਾਲੀਆ)-ਨਿਊ ਕੈਂਟ ਕਪੂਰਥਲਾ ਵਿਖੇ ਡਿਊਟੀ 'ਤੇ ਤਾਇਨਾਤ ਇਕ ਫ਼ੌਜੀ ਜਵਾਨ ਨੂੰ ਬੀਤੀ ਰਾਤ ਅਚਾਨਕ ਗੋਲੀ ਲੱਗਣ ਕਾਰਨ ਉਹ ਗੰਭੀਰ ਰੂਪ ਵਿਚ ਜ਼ਖਮੀ ਹੋ ਗਿਆ, ਜਿਸ ਨੂੰ ਇਲਾਜ ਲਈ ਜਲੰਧਰ ਦੇ ਮਿਲਟਰੀ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਸੀ ਜਿਥੇ ਅੱਜ ਉਸਦੀ ਇਲਾਜ ਦੌਰਾਨ ਮੌਤ ਹੋ ਗਈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਕੋਤਵਾਲੀ ਦੇ ਐਸ.ਐਚ.ਓ. ਕਿਰਪਾਲ ਸਿੰਘ ਨੇ ਕਿਹਾ ਕਿ ਮਨੋਜ ਕੁਮਾਰ ਪੁੱਤਰ ਰਣਬੀਰ ਸਿੰਘ ਵਾਸੀ ਹਰਿਆਣਾ ਜੋ ਕਿ ਨਿਊ ਕੈਂਟ ਕਪੂਰਥਲਾ ਵਿਚ ਡਿਊਟੀ ਕਰ ਰਿਹਾ ਸੀ ਤਾਂ ਅਚਾਨਕ ਗੋਲੀ ਚੱਲ ਪਈ, ਜਿਸ ਕਾਰਨ ਉਹ ਜ਼ਖਮੀ ਹੋ ਗਿਆ ਸੀ, ਦੀ ਅੱਜ ਮਿਲਟਰੀ ਹਸਪਤਾਲ ਜਲੰਧਰ ਵਿਚ ਇਲਾਜ ਦੌਰਾਨ ਮੌਤ ਹੋ ਗਈ। ਸੂਚਨਾ ਮਿਲਣ 'ਤੇ ਮ੍ਰਿਤਕ ਫ਼ੌਜੀ ਜਵਾਨ ਦੀ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਸਿਵਲ ਹਸਪਤਾਲ ਕਪੂਰਥਲਾ ਦੇ ਮੁਰਦਾਘਰ ਵਿਚ ਰਖਵਾ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਫ਼ੌਜ ਵਲੋਂ ਕੀਤੀ ਜਾ ਰਹੀ ਕਾਰਵਾਈ ਤੋਂ ਬਾਅਦ ਪੋਸਟਮਾਰਟਮ ਕਰਵਾ ਕੇ ਲਾਸ਼ ਵਾਰਸਾਂ ਹਵਾਲੇ ਕਰ ਦਿੱਤੀ ਜਾਵੇਗੀ।