ਮੋਟਰਸਾਈਕਲ ਸਵਾਰ ਦੋ ਲੁਟੇਰਿਆਂ ਨੇ ਲੁੱਟ ਖੋਹ ਦੌਰਾਨ ਗੋਲੀ ਮਾਰ ਕੇ ਇਕ ਨੌਜਵਾਨ ਨੂੰ ਕੀਤਾ ਜ਼ਖ਼ਮੀ

ਕਪੂਰਥਲਾ, 1 ਜੂਨ (ਅਮਨਜੋਤ ਸਿੰਘ ਵਾਲੀਆ)- ਸ਼ੇਖੂਪੁਰ ਤੋਂ ਦੰਦੂਪੁਰ ਰੋਡ 'ਤੇ ਨਹਿਰ ਦੇ ਨਜ਼ਦੀਕ ਮੋਟਰਸਾਈਕਲ ਸਵਾਰ ਦੋ ਅਣਪਛਾਤੇ ਲੁਟੇਰਿਆਂ ਵਲੋਂ ਮੋਟਰਸਾਈਕਲ ਸਵਾਰ ਦੋ ਨੌਜਵਾਨਾਂ 'ਤੇ ਪਿਸਤੌਲ ਨਾਲ ਹਮਲਾ ਕਰਕੇ ਮੋਟਰਸਾਈਕਲ ਤੇ ਨਕਦੀ ਖੋਹ ਕੇ ਫ਼ਰਾਰ ਹੋ ਗਏ । ਇਸ ਘਟਨਾ ਦੌਰਾਨ ਲੱਤ 'ਤੇ ਗੋਲੀ ਲੱਗਣ ਕਾਰਨ ਇਕ ਨੌਜਵਾਨ ਜ਼ਖਮੀ ਹੋ ਗਿਆ । ਜਾਣਕਾਰੀ ਦਿੰਦਿਆਂ ਜ਼ਖਮੀ ਨੌਜਵਾਨ ਲਵਪ੍ਰੀਤ ਪੁੱਤਰ ਗੁਰਦੇਵ ਰਾਮ ਵਾਸੀ ਭਵਾਨੀਪੁਰ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਲਵਪ੍ਰੀਤ ਆਪਣੇ ਸਾਥੀ ਕਰਨਦੀਪ ਨਾਲ ਦੇਰ ਰਾਤ ਸ਼ੇਖੂਪੁਰ ਤੋਂ ਭਵਾਨੀਪੁਰ ਵੱਲ ਆ ਰਿਹਾ ਸੀ, ਜਦੋਂ ਉਹ ਦੰਦੂਪੁਰ ਨਹਿਰ ਕੋਲ ਪਹੁੰਚੇ ਤਾਂ ਪਿੱਛੋਂ ਆਏ ਮੋਟਰਸਾਈਕਲ ਸਵਾਰ ਦੋ ਲੁਟੇਰਿਆਂ ਨੇ ਪਹਿਲਾਂ ਉਨ੍ਹਾਂ ਦੇ ਮੋਟਰਸਾਈਕਲ ਨੂੰ ਲੱਤ ਮਾਰ ਕੇ ਦੋਵਾਂ ਨੂੰ ਹੇਠਾਂ ਸੁੱਟ ਲਿਆ । ਇਸ ਦੌਰਾਨ ਜਦੋਂ ਉਨ੍ਹਾਂ ਦੀ ਲੁਟੇਰਿਆਂ ਨਾਲ ਹੱਥੋਪਾਈ ਹੋਈ ਤਾਂ ਇਸ ਦੌਰਾਨ ਕਥਿਤ ਤੌਰ 'ਤੇ ਇਕ ਲੁਟੇਰੇ ਨੇ ਗੋਲੀ ਚਲਾ ਦਿੱਤੀ ਜੋ ਲਵਪ੍ਰੀਤ ਦੀ ਲੱਤ ਵਿਚ ਲੱਗੀ ਜਿਸ ਕਾਰਨ ਉਹ ਜ਼ਖ਼ਮੀ ਹੋ ਗਿਆ । ਇਸ ਉਪਰੰਤ ਲੁਟੇਰੇ ਕੁਝ ਨਕਦੀ ਤੇ ਉਨ੍ਹਾਂ ਦਾ ਮੋਟਰਸਾਈਕਲ ਲੈ ਕੇ ਮੌਕੇ ਤੋਂ ਫ਼ਰਾਰ ਹੋ ਗਏ । ਡੀ.ਐਸ.ਪੀ. ਦੀਪਕ ਕਰਨ ਸਿੰਘ ਨੇ ਕਿਹਾ ਕਿ ਲਵਪ੍ਰੀਤ ਤੇ ਉਸ ਦੇ ਸਾਥੀ ਦੇ ਬਿਆਨ ਦਰਜ ਕਰਕੇ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ ਤੇ ਜਲਦ ਦੋਸ਼ੀਆਂ ਨੂੰ ਕਾਬੂ ਕਰ ਲਿਆ ਜਾਵੇਗਾ ।