ਹਿਨਾ ਰੱਬਾਨੀ ਖਾਰ ਨੇ ਲਸ਼ਕਰ ਅੱਤਵਾਦੀ ਅਬਦੁਲ ਰਉਫ ਨੂੰ ਦੱਸਿਆ ਆਮ ਆਦਮੀ

ਅੰਮਿ੍ਤਸਰ, 9 ਜੁਲਾਈ (ਸੁਰਿੰਦਰ ਕੋਛੜ)-ਪਾਕਿਸਤਾਨ ਦੀ ਸਾਬਕਾ ਵਿਦੇਸ਼ ਮੰਤਰੀ ਹਿਨਾ ਰੱਬਾਨੀ ਖਾਰ ਇਕ ਨਿਊਜ਼ ਚੈਨਲ ਨਾਲ ਗੱਲਬਾਤ 'ਚ ਦਾਅਵਾ ਕੀਤਾ ਕਿ ਆਪ੍ਰੇਸ਼ਨ ਸੰਧੂਰ ਦੌਰਾਨ ਭਾਰਤੀ ਹਵਾਈ ਹਮਲੇ ਦੌਰਾਨ ਮੁਰੀਦਕੇ 'ਚ ਲਸ਼ਕਰ-ਏ-ਤੋਇਬਾ ਅੱਤਵਾਦੀ ਸਮੂਹ ਦੇ ਹੈੱਡਕੁਆਟਰ ਮਰਕਜ਼-ਏ-ਤੋਇਬਾ 'ਤੇ ਕੀਤੇ ਹਮਲੇ 'ਚ ਮਾਰੇ ਗਏ ਅੱਤਵਾਦੀ ਕਮਾਂਡਰਾਂ ਅਬਦੁਲ ਮਲਿਕ ਖਾਨੇਵਾਲ, ਮੁਹੰਮਦ ਆਲਮ ਸਮੁੰਦਰੀ ਅਤੇ ਮੁਦੱਸਰ ਖੱਡੀਆਂ ਖ਼ਾਨ ਦੇ ਅੰਤਿਮ ਜਨਾਜ਼ੇ ਦੀ ਨਮਾਜ਼ ਅਦਾ ਕਰਨ ਵਾਲਾ ਅਬਦੁਲ ਰਉਫ ਇਕ ਅੱਤਵਾਦੀ ਨਹੀਂ ਸਗੋਂ ਆਮ ਆਦਮੀ ਹੈ | ਪੱਤਰਕਾਰ ਨੇ ਹਿਨਾ ਰੱਬਾਨੀ ਨੂੰ ਦੱਸਿਆ ਕਿ ਨਮਾਜ਼ ਅਦਾ ਕਰਨ ਵਾਲਾ ਵਿਅਕਤੀ ਅਮਰੀਕਾ ਦੁਆਰਾ ਐਲਾਨਿਆ ਅੱਤਵਾਦੀ ਹੈ | ਇਸ ਬਾਰੇ ਉਸ ਦਾ ਕੀ ਕਹਿਣਾ ਹੈ? ਇਸ 'ਤੇ ਸਾਬਕਾ ਵਿਦੇਸ਼ ਮੰਤਰੀ ਹਿਨਾ ਨੇ ਕਿਹਾ ਕਿ ਪਾਕਿ 'ਚ ਲੱਖਾਂ ਅਜਿਹੇ ਅਬਦੁਲ ਰਉਫ ਹਨ | ਇਸ 'ਤੇ ਪੱਤਰਕਾਰ ਨੇ ਉਸ ਨੂੰ ਦੱਸਿਆ ਕਿ ਪਾਕਿਸਤਾਨੀ ਫ਼ੌਜ ਨੇ ਖ਼ੁਦ ਇਕ ਪ੍ਰੈੱਸ ਕਾਨਫ਼ਰੰਸ 'ਚ ਸਵੀਕਾਰ ਕੀਤਾ ਸੀ ਕਿ ਇਹ ਵਿਅਕਤੀ ਅੱਤਵਾਦੀ ਰਉਫ ਹੈ | ਇਸ ਜਵਾਬ 'ਤੇ ਪਾਕਿਸਤਾਨੀ ਨੇਤਾ ਹਿਨਾ ਰੱਬਾਨੀ ਖਾਰ ਦਾ ਚਿਹਰਾ ਫਿੱਕਾ ਪੈ ਗਿਆ ਅਤੇ ਉਸ ਨੇ ਸਵਾਲ ਦਾ ਰੁਖ ਮੋੜਨਾ ਚਾਹਿਆ |