ਰਾਜਧਾਨੀ ਦਿੱਲੀ ’ਚ ਭੁਚਾਲ ਦੇ ਤੇਜ਼ ਝਟਕੇ

ਨਵੀਂ ਦਿੱਲੀ, 10 ਜੁਲਾਈ- ਭਾਰਤ ਦੀ ਰਾਜਧਾਨੀ ਵਿਚ ਅੱਜ ਸਵੇਰ ਭੁਚਾਲ ਦੇ ਤੇਜ਼ ਝਟਕੇ ਮਹਿਸੂਸ ਕੀਤੇ ਗਏ। ਮਿਲੀ ਜਾਣਕਾਰੀ ਅਨੁਸਾਰ ਇਹ ਭੁਚਾਲ 9.04 ਮਿੰਟ ’ਤੇ ਆਇਆ। ਝਟਕਿਆਂ ਦੀ ਤੀਬਰਤਾ 4.4 ਦਰਜ ਕੀਤੀ ਗਈ ਹੈ।
ਹਰਿਆਣਾ ਦੇ ਝੱਜਰ ਨੂੰ ਇਸ ਦਾ ਕੇਂਦਰ ਮੰਨਿਆ ਜਾ ਰਿਹਾ ਹੈ। ਇਹ ਵੀ ਜਾਣਕਾਰੀ ਮਿਲੀ ਹੈ ਕਿ ਭੁਚਾਲ ਦੇ ਝਟਕੇ 10 ਸੈਕਿੰਡ ਤੱਕ ਮਹਿਸੂਸ ਕੀਤੇ ਗਏ ਹਨ।
ਇਸ ਦੇ ਨਾਲ ਹੀ ਇਹ ਝਟਕੇ ਨੋਇਡਾ, ਗਾਜ਼ੀਆਬਾਦ, ਫਰੀਦਾਬਾਦ ਤੇ ਬਹਾਦੁਰਗੜ੍ਹ ’ਚ ਵੀ ਮਹਿਸੂਸ ਹੋਏ ਹਨ। ਇਸ ਸੰਬੰਧੀ ਹੋਰ ਜਾਣਕਾਰੀ ਦੀ ਉਡੀਕ ਕੀਤੀ ਜਾ ਰਹੀ ਹੈ।
ਝੱਜਰ ਵਿਚ ਭੁਚਾਲ ਦੇ ਝਟਕੇ ਮਹਿਸੂਸ ਹੁੰਦੇ ਹੀ ਲੋਕ ਆਪਣੇ ਘਰਾਂ ਅਤੇ ਦਫ਼ਤਰਾਂ ਤੋਂ ਬਾਹਰ ਆ ਗਏ। ਸਥਾਨਕ ਨਿਵਾਸੀ ਰਮੇਸ਼ ਕੁਮਾਰ ਨੇ ਕਿਹਾ ਕਿ ਸਵੇਰੇ ਅਚਾਨਕ ਬਿਸਤਰਾ ਹਿੱਲਣ ਲੱਗਾ ਅਤੇ ਦੋ ਮਿੰਟਾਂ ਬਾਅਦ ਫਿਰ ਹਲਕਾ ਜਿਹਾ ਭੁਚਾਲ ਆਇਆ। ਅਸੀਂ ਡਰ ਕੇ ਬਾਹਰ ਆ ਗਏ। ਹਾਲਾਂਕਿ, ਅਜੇ ਤੱਕ ਕਿਸੇ ਵੀ ਤਰ੍ਹਾਂ ਦੇ ਜਾਨੀ ਜਾਂ ਮਾਲੀ ਨੁਕਸਾਨ ਦੀ ਖ਼ਬਰ ਨਹੀਂ ਹੈ।
ਦਿੱਲੀ ਦੇ ਇਕ ਵਿਅਕਤੀ ਨੇ ਕਿਹਾ ਕਿ ਮੈਂ ਭੂਚਾਲ ਦੇ ਝਟਕੇ ਮਹਿਸੂਸ ਕੀਤੇ, ਇਹ ਥੋੜ੍ਹਾ ਡਰਾਉਣਾ ਸੀ। ਜਦੋਂ ਅਜਿਹੀ ਕੋਈ ਘਟਨਾ ਵਾਪਰਦੀ ਹੈ ਤਾਂ ਸਾਨੂੰ ਸੁਰੱਖਿਆ ਦਾ ਧਿਆਨ ਰੱਖਣਾ ਚਾਹੀਦਾ ਹੈ।