ਪੰਜ ਦੇਸ਼ਾਂ ਦੀ ਯਾਤਰਾ ਤੋਂ ਬਾਅਦ ਭਾਰਤ ਪਰਤੇ ਪ੍ਰਧਾਨ ਮੰਤਰੀ ਮੋਦੀ

ਨਵੀਂ ਦਿੱਲੀ, 10 ਜੁਲਾਈ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਘਾਨਾ, ਤ੍ਰਿਨੀਦਾਦ ਅਤੇ ਟੋਬੈਗੋ, ਅਰਜਨਟੀਨਾ, ਬ੍ਰਾਜ਼ੀਲ ਅਤੇ ਨਾਮੀਬੀਆ ਸਮੇਤ ਪੰਜ ਦੇਸ਼ਾਂ ਦੀ ਆਪਣੀ ਯਾਤਰਾ ਤੋਂ ਬਾਅਦ ਭਾਰਤ ਪਰਤ ਆਏ ਹਨ। ਪ੍ਰਧਾਨ ਮੰਤਰੀ ਮੋਦੀ ਬ੍ਰਾਜ਼ੀਲ ਦੇ ਰੀਓ ਡੀ ਜਨੇਰੀਓ ਵਿਚ 17ਵੇਂ ਬ੍ਰਿਕਸ ਸੰਮੇਲਨ ਵਿਚ ਵੀ ਸ਼ਾਮਿਲ ਹੋਏ ਸਨ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪਹਿਲੀ ਵਾਰ 2 ਜੁਲਾਈ ਨੂੰ ਘਾਨਾ ਪਹੁੰਚੇ ਸਨ। ਇੱਥੇ ਪ੍ਰਧਾਨ ਮੰਤਰੀ ਮੋਦੀ ਨੂੰ ਘਾਨਾ ਦੇ ਸਭ ਤੋਂ ਉੱਚੇ ਨਾਗਰਿਕ ਸਨਮਾਨ ‘ਦਿ ਅਫਸਰ ਆਫ਼ ਦ ਆਰਡਰ ਆਫ਼ ਦ ਸਟਾਰ ਆਫ਼ ਘਾਨਾ’ ਨਾਲ ਸਨਮਾਨਿਤ ਕੀਤਾ ਗਿਆ। ਇਸ ਤੋਂ ਬਾਅਦ ਪ੍ਰਧਾਨ ਮੰਤਰੀ ਮੋਦੀ ਨੇ ਘਾਨਾ ਦੀ ਸੰਸਦ ਨੂੰ ਸੰਬੋਧਨ ਕੀਤਾ। ਦੱਸ ਦੇਈਏ ਕਿ ਤਿੰਨ ਦਹਾਕਿਆਂ ਬਾਅਦ ਕਿਸੇ ਭਾਰਤੀ ਪ੍ਰਧਾਨ ਮੰਤਰੀ ਨੇ ਘਾਨਾ ਦਾ ਦੌਰਾ ਕੀਤਾ।
ਘਾਨਾ ਦੀ ਸਫਲ ਯਾਤਰਾ ਤੋਂ ਬਾਅਦ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕੈਰੇਬੀਅਨ ਦੇਸ਼ ਤ੍ਰਿਨੀਦਾਦ ਅਤੇ ਟੋਬੈਗੋ ਪਹੁੰਚੇ। ਦੇਸ਼ ਦੀ ਰਾਜਧਾਨੀ ਪੋਰਟ ਆਫ਼ ਸਪੇਨ ਪਹੁੰਚਣ ਤੋਂ ਬਾਅਦ, ਪ੍ਰਧਾਨ ਮੰਤਰੀ ਮੋਦੀ ਦਾ ਹਵਾਈ ਅੱਡੇ ’ਤੇ ਨਿੱਘਾ ਸਵਾਗਤ ਕੀਤਾ ਗਿਆ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਪਣੇ ਵਿਦੇਸ਼ੀ ਦੌਰੇ ਦੇ ਤੀਜੇ ਪੜਾਅ ਵਿਚ ਦੱਖਣੀ ਅਮਰੀਕੀ ਦੇਸ਼ ਅਰਜਨਟੀਨਾ ਪਹੁੰਚੇ। ਪ੍ਰਧਾਨ ਮੰਤਰੀ ਮੋਦੀ ਨੇ ਇਸ ਦੇਸ਼ ਦੇ ਰਾਸ਼ਟਰਪਤੀ ਮਾਈਲੀ ਅਤੇ ਕਈ ਫੁੱਟਬਾਲ ਖਿਡਾਰੀਆਂ ਨਾਲ ਵੀ ਮੁਲਾਕਾਤ ਕੀਤੀ।
ਵਿਦੇਸ਼ੀ ਦੌਰੇ ਦੇ ਚੌਥੇ ਪੜਾਅ ਵਿਚ, ਪ੍ਰਧਾਨ ਮੰਤਰੀ ਮੋਦੀ ਚਾਰ ਦਿਨਾਂ ਲਈ ਬ੍ਰਾਜ਼ੀਲ ਗਏ। ਇੱਥੇ ਰੀਓ ਡੀ ਜਨੇਰੀਓ ਵਿਚ, ਉਨ੍ਹਾਂ ਨੇ 17ਵੇਂ ਬ੍ਰਿਕਸ ਸੰਮੇਲਨ ਵਿਚ ਹਿੱਸਾ ਲਿਆ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਪਣੇ ਵਿਦੇਸ਼ੀ ਦੌਰੇ ਦੇ ਪੰਜਵੇਂ ਅਤੇ ਆਖਰੀ ਪੜਾਅ ਵਿਚ ਨਾਮੀਬੀਆ ਪਹੁੰਚੇ। ਨਾਮੀਬੀਆ ਦੇ ਰਾਸ਼ਟਰਪਤੀ ਨੇਤੁੰਬੋ ਨੰਦੀ ਨੇ ਨਾਮੀਬੀਆ ਦੇ ਸਟੇਟ ਹਾਊਸ ਵਿਚ ਪ੍ਰਧਾਨ ਮੰਤਰੀ ਦਾ ਸਵਾਗਤ ਕੀਤਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਨਾਮੀਬੀਆ ਦੇ ਰਾਸ਼ਟਰਪਤੀ ਡਾ. ਨੇਤੁੰਬੋ ਨੰਦੀ-ਨਦੈਤਵਾਹ ਨੇ ਨਾਮੀਬੀਆ ਦੇ ਵਿੰਡਹੋਕ ਵਿਚ ਵਫ਼ਦ ਪੱਧਰ ਦੀ ਗੱਲਬਾਤ ਕੀਤੀ। ਇਸ ਦੌਰਾਨ, ਕਈ ਸਮਝੌਤੇ ਪ੍ਰਸਤਾਵਾਂ ’ਤੇ ਸਹਿਮਤੀ ਬਣੀ ਅਤੇ ਦੋਵਾਂ ਰਾਜਾਂ ਦੇ ਮੁਖੀਆਂ ਨੇ ਸਮਝੌਤਿਆਂ ’ਤੇ ਦਸਤਖਤ ਕੀਤੇ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਨਾਮੀਬੀਆ ਵਲੋਂ ਵੀ ਸਰਵਉੱਚ ਨਾਗਰਿਕ ਸਨਮਾਨ ਨਾਲ ਵੀ ਸਨਮਾਨਿਤ ਕੀਤਾ ਗਿਆ ਹੈ।