ਸਰਕਾਰ ਉਦਯੋਗ ਨਾਲ ਸੰਬੰਧਿਤ ਵੱਖ-ਵੱਖ ਖ਼ੇਤਰਾਂ ਲਈ ਬਣਾ ਰਹੀ ਹੈ ਕਮੇਟੀਆਂ- ਸੰਜੀਵ ਅਰੋੜਾ

ਚੰਡੀਗੜ੍ਹ 17 ਜੁਲਾਈ - ਕੈਬਨਿਟ ਮੰਤਰੀ ਮੰਤਰੀ ਸੰਜੀਵ ਅਰੋੜਾ ਨੇ ਪ੍ਰੈਸ ਕਾਨਫ਼ਰੰਸ ਕਰ ਸੂਬੇ ਦੀ ਨਵੀਂ ਉਦਯੋਗ ਨੀਤੀ ਬਾਰੇ ਵੱਡਾ ਐਲਾਨ ਕੀਤਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਉਦਯੋਗ ਨਾਲ ਸੰਬੰਧਿਤ ਵੱਖ-ਵੱਖ ਖੇਤਰਾਂ ਲਈ ਵੱਖ-ਵੱਖ ਕਮੇਟੀਆਂ ਬਣਾ ਰਹੀ ਹੈ, ਤਾਂ ਜੋ ਹਰੇਕ ਖੇਤਰ ਦੀਆਂ ਜ਼ਰੂਰਤਾਂ ਅਨੁਸਾਰ ਨਵੀਂ ਨੀਤੀ ਬਣਾਈ ਜਾ ਸਕੇ।
ਉਨ੍ਹਾਂ ਅੱਗੇ ਕਿਹਾ ਕਿ ਹਰੇਕ ਖੇਤਰ ਲਈ ਇਕ ਕਮੇਟੀ ਹੋਵੇਗੀ, ਜਿਸ ਵਿਚ 8 ਤੋਂ 10 ਮੈਂਬਰ ਸ਼ਾਮਿਲ ਹੋਣਗੇ। ਇਹ ਸਾਰੀਆਂ ਕਮੇਟੀਆਂ 2 ਸਾਲਾਂ ਲਈ ਬਣਾਈਆਂ ਜਾਣਗੀਆਂ ਅਤੇ ਹਰੇਕ ਕਮੇਟੀ ਦਾ ਇਕ ਚੇਅਰਮੈਨ ਹੋਵੇਗਾ। ਸਰਕਾਰ ਨੇ ਸਾਰੀਆਂ ਕਮੇਟੀਆਂ ਨੂੰ 45 ਦਿਨਾਂ ਦੇ ਅੰਦਰ ਆਪਣੀ ਪਹਿਲੀ ਰਿਪੋਰਟ ਪੇਸ਼ ਕਰਨ ਦੇ ਨਿਰਦੇਸ਼ ਦਿੱਤੇ ਹਨ। ਕੈਬਿਨੇਟ ਮੰਤਰੀ ਨੇ ਕਿਹਾ ਕਿ ਕਮੇਟੀਆਂ ਦੀ ਕੁੱਲ ਗਿਣਤੀ 22 ਹੈ।
ਸੰਜੀਵ ਅਰੋੜਾ ਨੇ ਕਿਹਾ ਕਿ ਸਰਕਾਰ ਨੂੰ ਜਲਦੀ ਹੀ ਇਨ੍ਹਾਂ ਕਮੇਟੀਆਂ ਤੋਂ ਸੁਝਾਅ ਮਿਲਣਗੇ ਅਤੇ ਉਸ ਆਧਾਰ ’ਤੇ ਨਵੀਂ ਉਦਯੋਗਿਕ ਨੀਤੀ ਲਾਗੂ ਕੀਤੀ ਜਾਵੇਗੀ। ਮੰਤਰੀ ਨੇ ਕਿਹਾ ਕਿ ਇਸ ਪਹਿਲਕਦਮੀ ਦਾ ਉਦੇਸ਼ ਇਹ ਹੈ ਕਿ ਰਾਜ ਦੀ ਉਦਯੋਗਿਕ ਨੀਤੀ ਜ਼ਮੀਨੀ ਹਕੀਕਤ ਅਤੇ ਖੇਤਰੀ ਜ਼ਰੂਰਤਾਂ ਅਨੁਸਾਰ ਬਣਾਈ ਜਾਵੇ। ਇਸ ਨਾਲ ਨਾ ਸਿਰਫ਼ ਨਿਵੇਸ਼ ਵਧੇਗਾ, ਸਗੋਂ ਸਥਾਨਕ ਉਦਯੋਗਾਂ ਨੂੰ ਵੀ ਵੱਡਾ ਲਾਭ ਮਿਲੇਗਾ।