ਗੁਰਦੁਆਰਾ ਸ਼ਹੀਦ ਬਾਬਾ ਜੀਵਨ ਸਿੰਘ ਜੀ ਲੁੱਧੜ੍ਹ ਵਿਖੇ ਵਾਪਰੀ ਅੱਗ ਦੀ ਘਟਨਾ


ਮਜੀਠਾ, (ਅੰਮ੍ਰਿਤਸਰ), 28 ਜੁਲਾਈ (ਜਗਤਾਰ ਸਿੰਘ ਸਹਿਮੀ)- ਹਲਕਾ ਮਜੀਠਾ ਦੇ ਪਿੰਡ ਲੁੱਧੜ੍ਹ ਸਥਿਤ ਗੁਰਦੁਆਰਾ ਸ਼ਹੀਦ ਬਾਬਾ ਜੀਵਨ ਸਿੰਘ ਜੀ ਵਿਖੇ ਅੱਜ ਸਵੇਰੇ ਤੜਕਸਾਰ ਬਿਜਲੀ ਦੇ ਸ਼ਾਰਟ ਸਰਕਟ ਕਾਰਨ ਅੱਗ ਲੱਗਣ ਦੀ ਘਟਨਾ ਵਾਪਰਨ ਦੌਰਾਨ ਇਕ ਪੱਖੇ, ਕੁਝ ਹੋਰ ਸਮਾਨ ਅਤੇ ਦਰਬਾਰ ਹਾਲ ਵਿਚ ਵਿਛਾਏ ਗੱਦਿਆਂ ਨੂੰ ਕਾਫੀ ਨੁਕਸਾਨ ਪਹੁੰਚਿਆ। ਗੁਰਦੁਆਰਾ ਸਹਿਬ ਦੇ ਗ੍ਰੰਥੀ ਸਿੰਘ ਭਾਈ ਸਰਵਣ ਸਿੰਘ, ਸਮੁੱਚੀਆਂ ਸੰਗਤਾਂ ਦੀ ਸੁਚੇਤਤਾ ਕਾਰਨ ਸਮੇਂ ਸਿਰ ਅੱਗ ’ਤੇ ਕਾਬੂ ਪਾ ਲਿਆ ਗਿਆ। ਸਭ ਤੋਂ ਅਹਿਮ ਗੱਲ ਇਹ ਰਹੀ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਪਾਲਕੀ ਸਾਹਿਬ ਇਸ ਅੱਗ ਦੀ ਲਪੇਟ ਵਿਚ ਨਹੀਂ ਆਏ ਅਤੇ ਪੂਰੀ ਤਰ੍ਹਾਂ ਸੁਰੱਖਿਅਤ ਰਹੇ।
ਇਸ ਸੰਬੰਧੀ ਜਾਣਕਾਰੀ ਦਿੰਦਿਆਂ ਗੁਰਦੁਆਰੇ ਦੇ ਗ੍ਰੰਥੀ ਸਿੰਘ ਭਾਈ ਸਰਵਣ ਸਿੰਘ ਨੇ ਦੱਸਿਆ ਕਿ ਜਦੋਂ ਉਹ ਰੋਜ਼ਾਨਾ ਦੀ ਤਰ੍ਹਾਂ ਨਿੱਤ ਨੇਮ ਲਈ ਸਵੇਰੇ ਤੜਕਸਾਰ ਗੁਰਦੁਆਰਾ ਸਹਿਬ ਵਿਖੇ ਗਏ ਤਾਂ ਜਿੱਥੇ ਹਾਲ ਵਿਚ ਪਏ ਪੱਖੇ ਸਮੇਤ ਗੱਦਿਆਂ ਨੂੰ ਲੱਗੀ ਅੱਗ ਬਾਰੇ ਤੁਰੰਤ ਸੰਗਤਾਂ ਨੂੰ ਸੂਚਿਤ ਕੀਤਾ ਅਤੇ ਸਾਂਝੇ ਯਤਨਾਂ ਨਾਲ ਅੱਗ ਨੂੰ ਬੁਝਾਇਆ ਗਿਆ। ਪਿੰਡ ਤੇ ਆਸ ਪਾਸ ਦੇ ਇਲਕੇ ਦੀਆਂ ਸੰਗਤਾਂ ਵਿਚ ਇਸ ਘਟਨਾ ਨੂੰ ਲੈ ਕੇ ਦੁੱਖ ਦੀ ਲਹਿਰ ਹੈ, ਪਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਦੀ ਸੁਰੱਖਿਆ ਨੂੰ ਗੁਰੂ ਸਾਹਿਬ ਦੀ ਵੱਡੀ ਮਿਹਰ ਮੰਨਿਆ ਜਾ ਰਿਹਾ ਹੈ। ਇਸ ਘਟਨਾ ਦੀ ਸੂਚਨਾ ਸਥਾਨਕ ਪੁਲਿਸ ਥਾਣਾ ਮਜੀਠਾ ਵਿਖੇ ਦਿੱਤੀ ਹੈ।