ਅੱਜ ਦਾ ਭਾਰਤ ਰੱਖਦਾ ਹੈ ਵੱਖਰੀ ਸੋਚ- ਰਾਜਨਾਥ ਸਿੰਘ

ਨਵੀਂ ਦਿੱਲੀ, 28 ਜੁਲਾਈ- ਰਾਜਨਾਥ ਸਿੰਘ ਨੇ ਕਿਹਾ ਕਿ ਜੇਕਰ ਪਿਛਲੀਆਂ ਸਰਕਾਰਾਂ ਨੇ 2016 ਦੇ ਉੜੀ ਹਮਲੇ, 2019 ਦੇ ਬਾਲਾਕੋਟ ਹਮਲੇ ਵਰਗੇ ਕਦਮ ਚੁੱਕੇ ਹੁੰਦੇ ਤਾਂ ਸਥਿਤੀ ਵੱਖਰੀ ਹੁੰਦੀ। ਮੈਂ ਉਸ ਸਮੇਂ ਦੀ ਸਰਕਾਰ ਜਾਂ ਪ੍ਰਧਾਨ ਮੰਤਰੀ ਦੀ ਆਲੋਚਨਾ ਨਹੀਂ ਕਰਨਾ ਚਾਹੁੰਦਾ। ਅੱਜ ਦਾ ਭਾਰਤ ਵੱਖਰੇ ਢੰਗ ਨਾਲ ਸੋਚਦਾ ਹੈ ਅਤੇ ਕੰਮ ਕਰਦਾ ਹੈ। ਜੇਕਰ ਕੋਈ ਗੱਲਬਾਤ ਦੀ ਭਾਸ਼ਾ ਨਹੀਂ ਸਮਝਦਾ, ਤਾਂ ਫੈਸਲਾਕੁੰਨ ਕਾਰਵਾਈ ਕਰਨੀ ਪਵੇਗੀ।
ਉਨ੍ਹਾਂ ਕਿਹਾ ਕਿ ਅੱਜ ਭਾਰਤ ਜਵਾਬ ਦਿੰਦਾ ਹੈ। ਅੱਜ ਭਾਰਤ ਅੱਤਵਾਦ ਦੀ ਜੜ੍ਹ ਤੱਕ ਜਾਂਦਾ ਹੈ ਅਤੇ ਇਸ ਨੂੰ ਖਤਮ ਕਰਨ ਦੀ ਸਮਰੱਥਾ ਰੱਖਦਾ ਹੈ। ਦੇਸ਼ ਦੀ ਸੁਰੱਖਿਆ ਲਈ ਜੋ ਵੀ ਕਦਮ ਚੁੱਕਣੇ ਪੈਣਗੇ, ਅਸੀਂ ਉਨ੍ਹਾਂ ਨੂੰ ਚੁੱਕਾਂਗੇ। ਸਾਨੂੰ ਯਾਦ ਰੱਖਣਾ ਹੋਵੇਗਾ ਕਿ ਸਾਡੀ ਏਕਤਾ ਸਭ ਤੋਂ ਵੱਡੀ ਤਾਕਤ ਹੈ ਤੇ ਸਾਰਿਆਂ ਤੱਕ ਇਹ ਸੁਨੇਹਾ ਗਿਆ ਹੈ ਕਿ ਭਾਰਤ ਆਪਣੀ ਮਾਤ ਭੂਮੀ ਦੀ ਰੱਖਿਆ ਲਈ ਦ੍ਰਿੜ ਹੈ।
ਉਨ੍ਹਾਂ ਅੱਗੇ ਕਿਹਾ ਕਿ ਮੇਰੀ ਸਰਕਾਰ ਅੱਤਵਾਦ ’ਤੇ ਜ਼ੀਰੋ ਟਾਲਰੈਂਸ ਦੀ ਨੀਤੀ ਨਾਲ ਸਮਝੌਤਾ ਨਹੀਂ ਕਰੇਗੀ। ਇਕ ਅੰਤਰਰਾਸ਼ਟਰੀ ਮੀਟਿੰਗ ਵਿਚ, ਅੱਤਵਾਦ ਦੇ ਮੁੱਦੇ ’ਤੇ ਸਾਂਝੇ ਬਿਆਨ ਨੂੰ ਕਮਜ਼ੋਰ ਕੀਤਾ ਜਾ ਰਿਹਾ ਸੀ, ਅਸੀਂ ਸਪੱਸ਼ਟ ਕੀਤਾ ਸੀ ਕਿ ਜਦੋਂ ਤੱਕ ਇਸ ’ਤੇ ਕੋਈ ਮਜ਼ਬੂਤ ਨੁਕਤਾ ਨਹੀਂ ਰੱਖਿਆ ਜਾਂਦਾ, ਅਸੀਂ ਸਾਂਝੇ ਬਿਆਨ ’ਤੇ ਦਸਤਖਤ ਨਹੀਂ ਕਰਾਂਗੇ।
ਜਦੋਂ 2009 ਵਿਚ ਮੁੰਬਈ ਹਮਲਾ ਹੋਇਆ, ਤਾਂ ਸਰਕਾਰ ਨੇ ਉਹ ਨਹੀਂ ਕੀਤਾ, ਜੋ ਉਸ ਨੂੰ ਕਰਨਾ ਚਾਹੀਦਾ ਸੀ। ਜਦੋਂ ਮੋਦੀ ਜੀ ਦੀ ਅਗਵਾਈ ਵਿਚ ਕੇਂਦਰ ਵਿਚ ਸਰਕਾਰ ਬਣੀ, ਤਾਂ ਸਥਿਤੀ ਬਦਲ ਗਈ। ਅਸੀਂ ਉੜੀ ਵਿਚ ਸਰਜੀਕਲ ਸਟਰਾਈਕ ਕੀਤੀ। ਅਸੀਂ ਉਨ੍ਹਾਂ ਨੂੰ ਕਿਹਾ ਕਿ ਜੇਕਰ ਲੋੜ ਪਈ ਤਾਂ ਅਸੀਂ ਉਨ੍ਹਾਂ ਦੇ ਘਰਾਂ ਵਿਚ ਵੜ ਕੇ ਉਨ੍ਹਾਂ ਨੂੰ ਮਾਰ ਦੇਵਾਂਗੇ।