ਅੰਮ੍ਰਿਤਧਾਰੀ ਸਿੱਖ ਬੱਚੀ ਨੂੰ ਸਿਵਲ ਜੱਜ ਦੀ ਪ੍ਰੀਖਿਆ ਦੇਣ ਤੋਂ ਰੋਕੇ ਜਾਣਾ ਅਤਿ ਨਿੰਦਣਯੋਗ - ਜਥੇਦਾਰ ਨਾਥ ਸਿੰਘ ਹਮੀਦੀ

ਮਹਿਲ ਕਲਾਂ, 28 ਜੁਲਾਈ (ਅਵਤਾਰ ਸਿੰਘ ਅਣਖੀ)-ਜੈਪੁਰ ਵਿਚ ਰਾਜਸਥਾਨ ਹਾਈ ਕੋਰਟ (ਜੋਧਪੁਰ) ਸਿਵਲ ਜੱਜ ਦੀ ਭਰਤੀ ਲਈ ਮੁਢਲੀ ਪ੍ਰੀਖਿਆ ਦੇਣ ਗਈ ਅੰਮ੍ਰਿਤਧਾਰੀ ਸਿੱਖ ਬੱਚੀ ਗੁਰਪ੍ਰੀਤ ਕੌਰ ਵਾਸੀ ਫੇਲੋਕੇ (ਤਰਨਤਾਰਨ) ਨੂੰ ਕੜਾ, ਕਿਰਪਾਨ ਪਹਿਨੇ ਹੋਣ ਕਰਕੇ ਪ੍ਰੀਖਿਆ ਕੇਂਦਰ ਵਿਚ ਜਾਣੋ ਰੋਕਿਆ ਜਾਣਾ ਅਤਿ ਨਿੰਦਣਯੋਗ ਤੇ ਦੁਖਦਾਈ ਘਟਨਾ ਹੈ। ਇਹ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਜਥੇਦਾਰ ਨਾਥ ਸਿੰਘ ਹਮੀਦੀ ਨੇ ਇਥੇ 'ਅਜੀਤ' ਨਾਲ ਵਿਸ਼ੇਸ਼ ਗੱਲਬਾਤ ਦੌਰਾਨ ਕੀਤਾ। ਉਨ੍ਹਾਂ ਕਿਹਾ ਕਿ ਇਹ ਧਾਰਮਿਕ ਅਤੇ ਸਮਾਜਿਕ ਹੱਕਾਂ ਦਾ ਘਾਣ ਹੈ, ਸੰਵਿਧਾਨ ਅਨੁਸਾਰ ਸਿੱਖ ਵਿਦਿਆਰਥੀ ਕਿਰਪਾਨ ਪਾ ਕੇ ਪ੍ਰੀਖਿਆ ਦੇ ਸਕਦੇ ਹਨ ਪਰ ਉਸ ਨੂੰ ਹਾਈ ਕੋਰਟ ਦੇ ਵਿਸ਼ੇਸ਼ ਆਦੇਸ਼ ਦਾ ਹਵਾਲਾ ਦੇ ਕੇ ਰੋਕਿਆ ਗਿਆ ਹੈ।
ਜਥੇਦਾਰ ਹਮੀਦੀ ਨੇ ਰਾਜਸਥਾਨ ਸਰਕਾਰ ਦੇ ਮੁੱਖ ਮੰਤਰੀ ਭਜਨ ਲਾਲ ਸ਼ਰਮਾ ਨੂੰ ਤੁਰੰਤ ਦਖਲ-ਅੰਦਾਜ਼ੀ ਕਰਕੇ ਸਿੱਖ ਬੱਚੀ ਨੂੰ ਪੇਪਰ ਵਿਚ ਦਾਖਲੇ ਤੋਂ ਰੋਕਣ ਵਾਲੇ ਅਧਿਕਾਰੀਆਂ ਵਿਰੁੱਧ ਸਖ਼ਤ ਕਾਰਵਾਈ ਕਰਨ ਦੀ ਮੰਗ ਕੀਤੀ ਹੈ।