ਕੈਲਗਰੀ ਵਿਚ ਦਸਤਾਰਧਾਰੀ ਪੰਜਾਬੀ 'ਤੇ ਨਸਲੀ ਹਮਲਾ

ਕੈਲਗਰੀ, 28 ਜੁਲਾਈ (ਜਸਜੀਤ ਸਿੰਘ ਧਾਮੀ)-ਪੰਜਾਬੀਆ ਦੀ ਸੰਘਣੀ ਵਸੋਂ ਵਾਲੇ ਇਲਾਕੇ ਕੈਲਗਰੀ ਨੌਰਥ ਈਸਟ ਵਿਚ ਪੈਂਦੇ ਪ੍ਰੇਰੀਵਿੰਡਸ ਪਾਰਕ ਵਿਚ ਪੰਜਾਬੀ ਦਸਤਾਰਧਾਰੀ ਨੂੰ ਇਕ ਵਿਅਕਤੀ ਅਤੇ ਔਰਤ ਵਲੋਂ ਗਾਲ੍ਹਾਂ ਕੱਢੀਆਂ ਗਈਆ। ਪੰਜਾਬੀ ਮੂਲ ਦੇ ਹਰਵਿੰਦਰ ਸਿੰਘ ਖਹਿਰਾ ਜੋ ਕਿ ਇਕ ਵਿਦਿਅਕ ਸੰਸਥਾ ਚਲਾ ਰਹੇ ਹਨ। ਕੱਲ੍ਹ ਸ਼ਾਮ ਵੇਲੇ ਮੀਂਹ ਪੈਣ ਕਰਕੇ ਪਾਰਕ ਵਿਚ ਸ਼ੈੱਡ ਦਾ ਸਿਹਰਾ ਲੈਣ ਲਈ ਰੁਕੇ। ਉਸ ਸਮੇਂ ਦੂਜੇ ਪਾਸੇ ਤੋਂ ਆ ਰਹੇ ਇਕ ਆਦਮੀ ਅਤੇ ਔਰਤ ਨੇ ਖਹਿਰਾ ਨੂੰ ਨਸਲੀ ਗਾਲ੍ਹਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ। ਖਹਿਰਾ ਨੇ ਦੱਸਿਆ ਕਿ ਉਨ੍ਹਾਂ ਦੀ ਦਿੱਖ ਤੋਂ ਸ਼ੱਕੀ ਵੀ ਪ੍ਰਵਾਸੀ ਜਾਪਦੇ ਸਨ। ਉਨ੍ਹਾਂ ਕਿਹਾ ਕਿ ਜਦੋਂ ਮੈਂ
ਸਥਿਤੀ ਨੂੰ ਘਟਾਉਣ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਨੇ ਮੇਰੇ ਉਤੇ ਹਮਲਾ ਕਰ ਦਿੱਤਾ। ਔਰਤ ਵਲੋਂ ਖਹਿਰਾ ਉਤੇ ਬੋਤਲ ਨਾਲ ਹਮਲਾ ਕੀਤਾ ਗਿਆ। ਸਰੀਰਕ ਤੌਰ ਉਤੇ ਸੱਟ ਨਹੀਂ ਲੱਗੀ ਪਰ ਇਸ ਤਰ੍ਹਾਂ ਦੀ ਨਫ਼ਰਤ ਬਹੁਤ ਪਰੇਸ਼ਾਨ ਕਰਨ ਵਾਲੀ ਹੈ। ਉਨ੍ਹਾਂ ਨੇ ਹਮਲਾਵਰਾਂ ਦੀ ਗੱਡੀ ਨੰਬਰ ਪਲੇਟ 0-ਡੀ ਪੀ 350 ਨੋਟ ਕਰਕੇ ਜੋ ਕਿ ਅਲਬਰਟਾ ਸੂਬੇ ਦੀ ਹੈ, ਕੈਲਗਰੀ ਪੁਲਿਸ ਨੂੰ ਇਤਲਾਹ ਦਿੱਤੀ। ਉਨ੍ਹਾਂ ਕਿਹਾ ਕਿ ਦੁੱਖ ਵਾਲੀ ਗੱਲ ਹੈ ਕਿ ਹਾਦਸੇ ਵਾਲੀ ਜਗ੍ਹਾ ਪੁਲਿਸ ਨਹੀਂ ਪਹੁੰਚੀ। ਉਨ੍ਹਾਂ ਦੁੱਖ ਨਾਲ ਦੱਸਿਆ ਕਿ ਮੇਰੇ ਨਾਲ ਉਕਤ ਸਭ ਕੁਝ ਹੋ ਜਾਣ ਦੇ ਬਾਵਜੂਦ ਅਜੇ ਤੱਕ ਪੁਲਿਸ ਨੇ ਉਨ੍ਹਾਂ ਦੀ ਕੰਪਲੇਂਟ ਦਰਜ ਨਹੀਂ ਕੀਤੀ। ਹਮਲਾ ਕਰਨ ਵਾਲੇ
ਤਕਰੀਬਨ 40-45 ਸਾਲ ਦੇ ਦੱਸੇ ਗਏ ਹਨ। ਖਹਿਰਾ ਨੇ ਅਖੀਰ ਵਿਚ ਲੋਕਾਂ ਤੋਂ ਸਹਿਯੋਗ ਦੀ ਮੰਗ ਕਰਦਿਆਂ ਕਿਹਾ ਕਿ ਜੇਕਰ ਕਿਸੇ ਨੇ ਵੀ ਇਸ ਘਟਨਾ ਨੂੰ ਦੂਰ ਤੋਂ ਵੀ ਦੇਖਿਆ ਹੋਵੇ ਤਾਂ ਪੁਲਿਸ ਨੂੰ ਜ਼ਰੂਰ ਸਹਿਯੋਗ ਦੇਣ। ਉਨ੍ਹਾਂ ਕਿਹਾ ਕਿ ਮੇਰੇ ਨਾਲ ਜੋ ਕੁਝ ਹੋਇਆ, ਉਸ ਤੋਂ ਮੈਂ ਅਜੇ ਵੀ ਕੰਬ ਰਿਹਾ ਹਾਂ। ਮੈਂ ਸਿਰਫ਼ ਸਿੱਖ ਹੋਣ ਕਰਕੇ ਹਮਲੇ ਦਾ ਨਿਸ਼ਾਨਾ ਬਣਿਆ ਹਾਂ।