ਮਾਨ ਸਰਕਾਰ ਵਲੋਂ ਪੀੜਤ ਪਰਿਵਾਰਾਂ ਲਈ ਵੱਡਾ ਫ਼ੈਸਲਾ, ਵੰਡੇ ਸਹਾਇਤਾ ਰਾਸ਼ੀ ਦੇ ਚੈੱਕ

ਮੋਗਾ, 28 ਜੁਲਾਈ-ਪੰਜਾਬ ਸਰਕਾਰ ਦੀ ਪੀੜਤ ਪਰਿਵਾਰਾਂ ਦੀ ਹਮਦਰਦ ਅਤੇ ਸਮਰਥਕ ਭੂਮਿਕਾ ਨੂੰ ਅੱਜ ਇਕ ਵਾਰ ਫਿਰ ਸਾਬਤ ਕਰਦਿਆਂ ਮੋਗਾ ਵਿਖੇ ਮਾਰਕੀਟ ਕਮੇਟੀ ਦੇ ਦਫ਼ਤਰ ਵਿਚ ਵੱਡੀ ਮਾਲੀ ਸਹਾਇਤਾ ਮੁਹੱਈਆ ਕਰਵਾਈ ਗਈ। ਐਮ.ਐਲ.ਏ. ਡਾ. ਅਮਨਦੀਪ ਕੌਰ ਅਰੋੜਾ ਵਲੋਂ 7 ਪੀੜਤ ਪਰਿਵਾਰਾਂ ਨੂੰ ਲੱਖਾਂ ਰੁਪਏ ਦੇ ਚੈੱਕ ਵੰਡ ਕੇ ਇਹ ਦਰਸਾਇਆ ਗਿਆ ਕਿ ਭਗਵੰਤ ਮਾਨ ਸਰਕਾਰ ਗਰੀਬ ਤੇ ਦੁਖੀ ਵਰਗ ਦੇ ਹਮੇਸ਼ਾ ਨਾਲ ਖੜ੍ਹੀ ਹੈ।
ਇਨ੍ਹਾਂ ਸੱਤ ਪਰਿਵਾਰਾਂ ਵਿਚੋਂ ਤਿੰਨ ਪਰਿਵਾਰ ਅਜਿਹੇ ਸਨ ਜਿਨ੍ਹਾਂ ਨੇ ਆਪਣੇ ਪਰਿਵਾਰਕ ਮੈਂਬਰਾਂ ਨੂੰ ਅਚਾਨਕ ਹੋਏ ਹਾਦਸਿਆਂ ਦੌਰਾਨ ਗੁਆ ਦਿੱਤਾ। ਭਗਵੰਤ ਮਾਨ ਸਰਕਾਰ ਵਲੋਂ ਇਨ੍ਹਾਂ ਤਿੰਨਾਂ ਪਰਿਵਾਰਾਂ ਨੂੰ ਤਿੰਨ-ਤਿੰਨ ਲੱਖ ਰੁਪਏ ਦੀ ਮਾਲੀ ਸਹਾਇਤਾ ਦਿੱਤੀ ਗਈ। ਬਾਕੀ ਪਰਿਵਾਰਾਂ ਵਿਚੋਂ ਕਿਸੇ ਦਾ ਹੱਥ ਮਸ਼ੀਨ ਵਿਚ ਆ ਕੇ ਕੱਟ ਗਿਆ, ਕਿਸੇ ਨੂੰ ਸੱਪ ਨੇ ਡੱਸ ਲਿਆ ਤੇ ਕਿਸੇ ਨੂੰ ਕਰੰਟ ਲੱਗਣ ਨਾਲ ਗੰਭੀਰ ਸੱਟਾਂ ਲੱਗੀਆਂ। ਇਹ ਸਾਰੇ ਹਾਦਸੇ ਪੀੜਤ ਪਰਿਵਾਰਾਂ ਲਈ ਦੁਖਦਾਈ ਸਨ ਪਰ ਸਰਕਾਰ ਨੇ ਇਨ੍ਹਾਂ ਦੀ ਪੀੜ ਨੂੰ ਸਮਝਦੇ ਹੋਏ ਤੁਰੰਤ ਮਾਲੀ ਮਦਦ ਭੇਜਣ ਦਾ ਕੰਮ ਕੀਤਾ।
ਐਮ.ਐਲ.ਏ. ਡਾ. ਅਮਨਦੀਪ ਕੌਰ ਅਰੋੜਾ ਨੇ ਕਿਹਾ ਕਿ ਇਹ ਸਾਰੇ ਹਾਦਸੇ ਭਗਵੰਤ ਮਾਨ ਸਰਕਾਰ ਦੇ ਆਉਣ ਤੋਂ ਪਹਿਲਾਂ ਦੇ ਹਨ ਪਰ ਉਸ ਵੇਲੇ ਇਨ੍ਹਾਂ ਪੀੜਤਾਂ ਨੂੰ ਕੋਈ ਵੀ ਮਦਦ ਨਹੀਂ ਮਿਲੀ। ਅੱਜ ਸਾਡੀ ਸਰਕਾਰ ਨੇ ਇਨ੍ਹਾਂ ਦੀ ਆਵਾਜ਼ ਸੁਣੀ ਅਤੇ ਠੋਸ ਕਾਰਵਾਈ ਕਰਦਿਆਂ ਸਿੱਧਾ ਮਾਲੀ ਸਹਾਰਾ ਦਿੱਤਾ। ਹੁਣ ਤੱਕ ਅਸੀਂ ਲਗਭਗ 16 ਲੱਖ ਰੁਪਏ ਦੀ ਰਕਮ ਪੀੜਤ ਪਰਿਵਾਰਾਂ ਨੂੰ ਵੰਡ ਚੁੱਕੇ ਹਾਂ। ਡਾ. ਅਰੋੜਾ ਨੇ ਆਮ ਲੋਕਾਂ ਨੂੰ ਅਪੀਲ ਕੀਤੀ ਕਿ ਜੇਕਰ ਕਿਸੇ ਪਿੰਡ ਜਾਂ ਇਲਾਕੇ ਵਿਚ ਕਿਸੇ ਦੇ ਨਾਲ ਕੋਈ ਹਾਦਸਾ ਵਾਪਰਦਾ ਹੈ ਤਾਂ ਉਹ ਤੁਰੰਤ ਆਪਣੇ ਪਿੰਡ ਦੇ ਸਰਪੰਚ ਜਾਂ ਉਨ੍ਹਾਂ ਦੇ ਦਫ਼ਤਰ ਨਾਲ ਸੰਪਰਕ ਕਰੇ ਤਾਂ ਜੋ ਮਾਲੀ ਮਦਦ ਤੁਰੰਤ ਪਹੁੰਚਾਈ ਜਾ ਸਕੇ।
ਉਨ੍ਹਾਂ ਅਖੀਰ ਵਿਚ ਕਿਹਾ ਕਿ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਹਮੇਸ਼ਾ ਗਰੀਬ, ਮਜ਼ਦੂਰ ਤੇ ਪੀੜਤ ਵਰਗ ਦੇ ਹੱਕਾਂ ਦੀ ਰਾਖੀ ਕਰ ਰਹੀ ਹੈ। ਅਸੀਂ ਸਿਰਫ ਹਮਦਰਦੀ ਨਹੀਂ ਦਿਖਾਈ, ਸਿੱਧੀ ਕਾਰਵਾਈ ਕੀਤੀ ਹੈ। ਲੋਕਾਂ ਦੇ ਦੁੱਖ ਦਰਦ ਵਿਚ ਭਾਗੀ ਬਣਨਾ ਸਾਡੀ ਜ਼ਿੰਮੇਵਾਰੀ ਹੈ।