ਐਲਵਿਸ਼ ਯਾਦਵ ਦੇ ਘਰ 'ਤੇ ਗੋਲੀਬਾਰੀ ਕਰਨ ਵਾਲਾ ਦੋਸ਼ੀ ਕਾਬੂ

ਫਰੀਦਾਬਾਦ, 22 ਅਗਸਤ - ਫਰੀਦਾਬਾਦ ਕ੍ਰਾਈਮ ਬ੍ਰਾਂਚ ਨੇ ਯੂ.ਟਿਊਬਰ ਅਤੇ ਬਿੱਗ ਬੌਸ ਓ.ਟੀ.ਟੀ. ਜੇਤੂ ਐਲਵਿਸ਼ ਯਾਦਵ ਦੇ ਹਰਿਆਣਾ ਦੇ ਗੁਰੂਗ੍ਰਾਮ ਸਥਿਤ ਘਰ 'ਤੇ ਗੋਲੀਬਾਰੀ ਕਰਨ ਦੇ ਦੋਸ਼ੀ ਇਸ਼ਾਂਤ ਉਰਫ ਈਸ਼ੂ ਗਾਂਧੀ ਨੂੰ ਇਕ ਮੁਕਾਬਲੇ ਤੋਂ ਬਾਅਦ ਗ੍ਰਿਫ਼ਤਾਰ ਕਰ ਲਿਆ ਹੈ। ਪੁਲਿਸ ਨੂੰ ਇਸ਼ਾਂਤ ਦੇ ਫਰੀਦਾਬਾਦ ਵਿਚ ਲੁਕੇ ਹੋਣ ਦੀ ਸੂਚਨਾ ਮਿਲੀ ਸੀ। ਫਰੀਦਾਬਾਦ ਕ੍ਰਾਈਮ ਬ੍ਰਾਂਚ ਦੇ ਡੀ.ਸੀ.ਪੀ. ਮੁਕੇਸ਼ ਮਲਹੋਤਰਾ ਦੀ ਟੀਮ ਨੇ ਸਵੇਰੇ 4 ਵਜੇ ਪਾਰਵਤੀਆ ਕਲੋਨੀ 'ਤੇ ਛਾਪਾ ਮਾਰਿਆ।
ਬਚਣ ਲਈ ਭੱਜ ਰਹੇ ਇਸ਼ਾਂਤ ਨੇ ਪੁਲਿਸ 'ਤੇ 6 ਗੋਲੀਆਂ ਚਲਾਈਆਂ। ਜਵਾਬੀ ਕਾਰਵਾਈ ਵਿਚ ਇਸ਼ਾਂਤ ਜ਼ਖਮੀ ਹੋ ਗਿਆ। ਇਸ਼ਾਂਤ ਦੀ ਲੱਤ ਵਿਚ ਗੋਲੀ ਲੱਗੀ ਹੈ। ਉਹ ਇਸ ਸਮੇਂ ਹਸਪਤਾਲ ਵਿਚ ਦਾਖਲ ਹੈ।
ਦਰਅਸਲ, 17 ਅਗਸਤ ਨੂੰ ਸਵੇਰੇ 5.30 ਵਜੇ ਸੈਕਟਰ 57 ਐਲਵਿਸ਼ ਦੇ ਘਰ 'ਤੇ 24 ਗੋਲੀਆਂ ਚਲਾਈਆਂ ਗਈਆਂ। ਗੋਲੀਆਂ ਘਰ ਦੇ ਦਰਵਾਜ਼ਿਆਂ, ਖਿੜਕੀਆਂ ਅਤੇ ਛੱਤ 'ਤੇ ਲੱਗੀਆਂ।
ਇਸ਼ਾਂਤ ਦੀ ਗੋਲੀਬਾਰੀ ਦੀ ਸੀ.ਸੀ.ਟੀ.ਵੀ. ਫੁਟੇਜ ਸਾਹਮਣੇ ਆਈ ਸੀ। ਉਦੋਂ ਤੋਂ ਹੀ ਪੁਲਿਸ ਗੋਲੀਬਾਰੀ ਕਰਨ ਵਾਲੇ ਲੋਕਾਂ ਦੀ ਭਾਲ ਕਰ ਰਹੀ ਸੀ। ਭਾਊ ਗੈਂਗ ਨੇ ਗੋਲੀਬਾਰੀ ਦੀ ਜ਼ਿੰਮੇਵਾਰੀ ਲਈ ਹੈ।