ਆਰਜੀ ਬੰਨ ਨੂੰ ਢਾਹ ਲੱਗਣੀ ਸ਼ੁਰੂ, ਕਿਸਾਨਾਂ ਵਲੋਂ ਬੰਨ੍ਹ ਨੂੰ ਬਚਾਉਣ ਦਾ ਕਾਰਜ ਸ਼ੁਰੂ

ਸੁਲਤਾਨਪੁਰ ਲੋਧੀ, (ਕਪੂਰਥਲਾ), 22 ਅਗਸਤ (ਨਰੇਸ਼ ਹੈਪੀ, ਲਾਡੀ)- ਦਰਿਆ ਬਿਆਸ ਵਿਚ ਪਾਣੀ ਦਾ ਪੱਧਰ ਵਧਣ ਕਾਰਨ ਹਲਕਾ ਸੁਲਤਾਨਪੁਰ ਲੋਧੀ ਦੇ ਪਿੰਡ ਆਹਲੀ ਕਲਾਂ ਨੇੜੇ ਆਰਜੀ ਬੰਨ੍ਹ ਨੂੰ ਦਰਿਆ ਬਿਆਸ ਨੇ ਢਾਹ ਲਾਉਣੀ ਸ਼ੁਰੂ ਕਰ ਦਿੱਤੀ ਹੈ, ਜਿਸ ਕਾਰਨ ਕਿਸਾਨਾਂ ਦੀਆਂ ਚਿੰਤਾਵਾਂ ਵੱਧ ਗਈਆਂ ਹਨ। ਕਿਸਾਨਾਂ ਵਲੋਂ ਆਰਜੀ ਬੰਨ੍ਹ ਨੂੰ ਬਚਾਉਣ ਦਾ ਕਾਰਜ ਸ਼ੁਰੂ ਕਰ ਦਿੱਤਾ ਗਿਆ ਹੈ। ਉਨ੍ਹਾਂ ਨੇੜਲੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਜਲਦੀ ਤੋਂ ਜਲਦੀ ਬੰਨ੍ਹ ’ਤੇ ਪਹੁੰਚਣ ਤਾਂ ਕਿ ਇਸ ਨੂੰ ਟੁੱਟਣ ਤੋਂ ਬਚਾਇਆ ਜਾ ਸਕੇ। ਜੇਕਰ ਇਸ ਬੰਨ੍ਹ ਨੂੰ ਢਾਹ ਲੱਗਦੀ ਹੈ ਤਾਂ ਕਿਸਾਨਾਂ ਦੀ ਹਜ਼ਾਰਾਂ ਏਕੜ ਫਸਲ ਦਰਿਆ ਬਿਆਸ ਦੇ ਪਾਣੀ ਦੀ ਮਾਰ ਹੇਠ ਆ ਜਾਵੇਗੀ।
ਖਬਰਾਂ ਦੀਆਂ ਇਹ ਸਤਰਾਂ ਸਵੇਰੇ 10 ਵਜੇ ਲਿਖੇ ਜਾਣ ਤੱਕ ਕਿਸਾਨਾਂ ਵਲੋਂ ਵੱਡੇ ਪੱਧਰ ’ਤੇ ਆਰਜੀ ਬੰਨ੍ਹ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ। ਵਰਨਣ ਯੋਗ ਹੈ ਕਿ ਇਸੇ ਬੰਨ੍ਹ ਨੂੰ ਅੱਧਾ ਕਿਲੋਮੀਟਰ ਅੰਦਰ ਵਾਰ 2023 ਵਿਚ ਵੀ ਢਾਹ ਲੱਗੀ ਸੀ।