ਸੀਵਰੇਜ ਦੇ ਗੰਦੇ ਪਾਣੀ ਤੋਂ ਦੁਖੀ ਦੁਕਾਨਦਾਨ ਬਜ਼ਾਰ ਬੰਦ ਕਰਕੇ ‘ਸੰਗਤ ਮੰਡੀ ਵਿਕਾਊ’ ਦੀਆਂ ਤਖ਼ਤੀਆਂ ਚੁੱਕ ਕੇ ਧਰਨੇ ’ਤੇ ਬੈਠੇ

ਸੰਗਤ ਮੰਡੀ, (ਬਠਿੰਡਾ), 28 ਅਗਸਤ (ਅੰਮ੍ਰਿਤਪਾਲ ਸ਼ਰਮਾ)- ਪਿਛਲੇ 4 ਮਹੀਨੇ ਤੋਂ ਸੀਵਰੇਜ ਦੇ ਗੰਦੇ ਪਾਣੀ ਦੀ ਨਿਕਾਸੀ ਤੋਂ ਦੁਖੀ ਹੋਏ ਸਥਾਨਕ ਮੰਡੀ ਦੇ ਦੁਕਾਨਦਾਰਾਂ ਤੇ ਵਾਸੀਆਂ ਵਲੋਂ ਸੰਗਤ ਮੰਡੀ ਵਿਕਾਊ ਹੋਣ ਦੀਆਂ ਤਖ਼ਤੀਆਂ ਚੁੱਕ ਕੇ ਅਣ-ਮਿੱਥੇ ਸਮੇਂ ਲਈ ਧਰਨੇ ’ਤੇ ਬੈਠ ਗਏ ਹਨ। ਸ਼ਹਿਰ ਵਾਸੀ ਮੁਨੀਸ਼ ਕੁਮਾਰ ਟਿੰਕੂ ਤੇ ਸ਼ਸ਼ੀ ਸ਼ਰਮਾ ਨੇ ਦੱਸਿਆ ਕਿ ਸੀਵਰੇਜ਼ ਦਾ ਲੀਕ ਹੋਇਆ ਗੰਦਾ ਪਾਣੀ ਪਿਛਲੇ 4 ਮਹੀਨੇ ਤੋਂ ਸ਼ਹਿਰ ਦੇ ਮੁੱਖ ਬਜ਼ਾਰ ’ਚ ਖੜ੍ਹਾ ਲੋਕਾਂ ਨੂੰ ਬਿਮਾਰੀਆਂ ਵੰਡ ਰਿਹਾ ਹੈ, ਇਸ ਲਈ ਮੰਡੀ ਵਾਸੀ ਆਪਣੇ ਰੁਜ਼ਗਾਰ ਬੰਦ ਹੋਣ ਕਾਰਨ ਪੰਜਾਬ ਸਰਕਾਰ ਨੂੰ ਵੇਚਣ ਲਈ ਮਜ਼ਬੂਰ ਹੋ ਗਏ ਹਨ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਕਿਸਾਨਾਂ ਦੀਆਂ ਉਪਜਾਊ ਜ਼ਮੀਨਾਂ ਖਰੀਦ ਕੇ ਕਾਲੋਨੀਆਂ ਬਨਾਉਣ ਲਈ ਕਾਹਲੀ ’ਚ ਸੀ, ਜਦੋਂ ਕਿ ਪਹਿਲਾਂ ਦੀਆਂ ਚੱਲ ਰਹੀਆਂ ਮੰਡੀਆਂ ਵਿਚ ਉਹ ਲੋਕਾਂ ਨੂੰ ਬੁਨਿਆਦੀ ਸਹੂਲਤਾਂ ਦੇਣ ਵਿਚ ਵੀ ਨਾਕਾਮ ਸਾਬਿਤ ਹੋ ਰਹੀ ਹੈ।