ਹੜ੍ਹ ਦੀ ਲਪੇਟ 'ਚ ਆਏ ਲੋਕਾਂ ਨੂੰ ਸੁਰੱਖਿਅਤ ਥਾਵਾਂ 'ਤੇ ਪਹੁੰਚਾਉਣ ਲਈ ਫੌਜ ਨੇ ਕਮਾਂਡ ਸੰਭਾਲੀ

ਕਪੂਰਥਲਾ, 28 ਅਗਸਤ (ਅਮਰਜੀਤ ਕੋਮਲ)-ਕਪੂਰਥਲਾ ਜ਼ਿਲ੍ਹੇ ਦੇ ਮੰਡ ਬਾਊਪੁਰ ਦੇ ਪਿੰਡਾਂ ਵਿਚ ਦਰਿਆ ਬਿਆਸ ਦੀ ਮਾਰ ਹੇਠ ਆਏ ਲੋਕਾਂ ਨੂੰ ਸੁਰੱਖਿਅਤ ਥਾਵਾਂ 'ਤੇ ਪਹੁੰਚਾਉਣ ਲਈ ਲੈਫਟੀਨੈਂਟ ਕਰਨਲ ਤਰੁਣ ਕੁਮਾਰ ਦੀ ਅਗਵਾਈ ਵਿਚ ਫੌਜ ਨੇ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ। ਇਸ ਕਾਰਜ ਵਿਚ 4 ਜੇ.ਸੀ.ਓ., 40 ਫੌਜੀ ਜਵਾਨ, 4 ਬੋਟਾਂ ਸਮੇਤ ਜੁੱਟ ਗਏ ਹਨ। ਦੱਸਿਆ ਜਾਂਦਾ ਹੈ ਕਿ ਮੰਡ ਖੇਤਰ ਦੇ ਲਗਭਗ 90 ਪ੍ਰਤੀਸ਼ਤ ਆਪਣੇ ਘਰਾਂ ਵਿਚ ਫ਼ਸੇ ਲੋਕਾਂ ਨੂੰ ਐਸ.ਡੀ.ਆਰ.ਐਫ. ਦੀਆਂ ਟੀਮਾਂ ਵਲੋਂ ਪਹਿਲਾਂ ਹੀ ਕੱਢ ਕੇ ਸੁਰੱਖਿਅਤ ਥਾਵਾਂ 'ਤੇ ਪਹੁੰਚਾਇਆ ਗਿਆ ਹੈ, ਹੁਣ ਜਿਹੜੇ ਲੋਕ ਅਜੇ ਵੀ ਆਪਣੇ ਘਰਾਂ ਵਿਚ ਫ਼ਸੇ ਹੋਏ ਹਨ, ਉਨ੍ਹਾਂ ਨੂੰ ਬਾਹਰ ਕੱਢ ਕੇ ਸੁਰੱਖਿਅਤ ਥਾਵਾਂ 'ਤੇ ਲਿਆਉਣ ਲਈ ਫੌਜ ਲੱਕ ਬੰਨ੍ਹ ਕੇ ਜੁੱਟ ਗਈ ਹੈ।
ਦਰਿਆ ਬਿਆਸ ਵਿਚ ਸਾਲ 2023 ਵਿਚ ਆਏ ਪਾਣੀ ਨਾਲੋਂ ਇਸ ਵਾਰ ਵੱਧ ਪਾਣੀ ਰਿਕਾਰਡ ਕੀਤਾ ਗਿਆ ਹੈ। ਜਾਣਕਾਰੀ ਅਨੁਸਾਰ ਦਰਿਆ ਵਿਚ ਇਸ ਸਮੇਂ 2 ਲੱਖ 30 ਹਜ਼ਾਰ ਕਿਊਸਿਕ ਪਾਣੀ ਚੱਲ ਰਿਹਾ ਹੈ। ਪਾਣੀ ਵਿਚ ਹੋ ਰਹੇ ਲਗਾਤਾਰ ਵਾਧੇ ਨੂੰ ਮੁੱਖ ਰੱਖਦਿਆਂ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਜਾਰੀ ਕੀਤੇ ਅਲਰਟ ਤੋਂ ਬਾਅਦ ਮੰਡ ਖੇਤਰ ਵਿਚ ਜਿਹੜੇ ਕੁਝ ਲੋਕ ਘਰਾਂ ਜਾਂ ਡੇਰਿਆਂ ਵਿਚ ਬੈਠੇ ਹੋਏ ਸਨ, ਉਹ ਵੀ ਸੁਰੱਖਿਅਤ ਥਾਵਾਂ 'ਤੇ ਆ ਗਏ ਹਨ। ਇਹ ਵੀ ਪਤਾ ਲੱਗਾ ਹੈ ਕਿ ਪੌਂਗ ਡੈਮ ਤੋਂ ਦੁਪਹਿਰ 2 ਵਜੇ 1 ਲੱਖ 10 ਹਜ਼ਾਰ ਕਿਊਸਿਕ ਪਾਣੀ ਛੱਡਿਆ ਗਿਆ ਹੈ ਤੇ ਸਵੇਰ ਤੱਕ ਦਰਿਆ ਬਿਆਸ ਵਿਚ ਪਾਣੀ ਦਾ ਪੱਧਰ ਢਾਈ ਲੱਖ ਕਿਊਸਿਕ ਦੇ ਕਰੀਬ ਪਹੁੰਚ ਜਾਣ ਦੇ ਆਸਾਰ ਹਨ। ਅੱਜ ਡਿਪਟੀ ਕਮਿਸ਼ਨਰ ਕਪੂਰਥਲਾ ਅਮਿਤ ਕੁਮਾਰ ਪੰਚਾਲ ਦੀਆਂ ਹਦਾਇਤਾਂ ਤੋਂ ਬਾਅਦ ਵੈਟਰਨਰੀ ਵਿਭਾਗ ਨੇ ਕੁਝ ਸਮਾਜ ਸੇਵੀ ਸੰਸਥਾਵਾਂ ਦੇ ਸਹਿਯੋਗ ਨਾਲ ਵੱਡੇ ਬੇੜਿਆਂ ਰਾਹੀਂ ਮੰਡ ਬਾਊਪੁਰ ਦੇ ਖੇਤਰ ਵਿਚੋਂ 40 ਦੇ ਕਰੀਬ ਪਸ਼ੂਆਂ ਨੂੰ ਬਾਹਰ ਕੱਢ ਕੇ ਸੁਰੱਖਿਅਤ ਥਾਵਾਂ 'ਤੇ ਪਹੁੰਚਾਇਆ ਹੈ ਤੇ ਪਸ਼ੂ ਪਾਲਣ ਵਿਭਾਗ ਦੀਆਂ 500 ਤੋਂ ਵੱਧ ਟੀਮਾਂ ਪਾਣੀ ਨਾਲ ਪਸ਼ੂਆਂ ਨੂੰ ਹੋਣ ਵਾਲੀਆਂ ਬੀਮਾਰੀਆਂ ਤੋਂ ਬਚਾਅ ਲਈ ਟੀਕਾਕਰਨ ਕਰ ਰਹੀਆਂ ਹਨ।
ਇਸੇ ਦੌਰਾਨ ਹੀ ਵਿਭਾਗ ਦੇ ਡਿਪਟੀ ਡਾਇਰੈਕਟਰ ਡਾ. ਆਰ.ਪੀ. ਸਿੰਘ ਨੇ ਦੱਸਿਆ ਕਿ ਵਿਭਾਗ ਦੀਆਂ 6 ਟੀਮਾਂ ਨਿਰੰਤਰ 24 ਘੰਟੇ ਪਸ਼ੂਧੰਨ ਦੀ ਸੰਭਾਲ ਲਈ ਪ੍ਰਭਾਵਿਤ ਖੇਤਰਾਂ ਵਿਚ ਤਾਇਨਾਤ ਕੀਤੀਆਂ ਗਈਆਂ ਹਨ ਤੇ ਇਨ੍ਹਾਂ ਟੀਮਾਂ ਵਲੋਂ 512 ਦੇ ਕਰੀਬ ਪਸ਼ੂਆਂ ਦਾ ਇਲਾਜ ਕਰਨ ਦੇ ਨਾਲ-ਨਾਲ 172 ਕੁਇੰਟਲ ਫੀਡ ਵੀ ਪਸ਼ੂ ਪਾਲਕਾਂ ਨੂੰ ਤਕਸੀਮ ਕੀਤੀ ਗਈ ਹੈ। ਇਸ ਤੋਂ ਸੰਤ ਬਾਬਾ ਬਲਬੀਰ ਸਿੰਘ ਮੈਂਬਰ ਰਾਜ ਸਭਾ ਦੀ ਦੇਖ-ਰੇਖ ਹੇਠ ਵੀ ਉਨ੍ਹਾਂ ਦੇ ਸੇਵਾਦਾਰਾਂ ਵਲੋਂ 160 ਦੇ ਕਰੀਬ ਲੋਕਾਂ ਨੂੰ ਹੜ੍ਹ ਦੀ ਲਪੇਟ ਵਿਚ ਆਏ ਪਿੰਡਾਂ ਵਿਚੋਂ ਬਾਹਰ ਕੱਢ ਕੇ ਸੁਰੱਖਿਅਤ ਥਾਵਾਂ 'ਤੇ ਲਿਜਾਇਆ ਗਿਆ।