JALANDHAR WEATHER

ਸਿੱਖ, ਮੁਸਲਿਮ ਭਾਈਚਾਰਾ ਇਕਜੁੱਟ ਹੋ ਕੇ ਹੜ੍ਹ ਪੀੜਤਾਂ ਨੂੰ ਰਾਹਤ ਦੇਣ ਲਈ ਸੇਵਾ 'ਚ ਜੁਟਿਆ

ਧਰਮਗੜ੍ਹ (ਸੰਗਰੂਰ), 4 ਸਤੰਬਰ (ਗੁਰਜੀਤ ਸਿੰਘ ਚਹਿਲ)-ਸਭ ਤੋਂ ਵੱਡੀ ਗੱਲ ਇਨਸਾਨੀਅਤ ਦੀ ਹੈ, ਜਿਸ ਨੂੰ ਮੁੱਖ ਰੱਖਦਿਆਂ ਸਿੱਖ-ਮੁਸਲਿਮ ਸੇਵਾਦਾਰਾਂ ਵਲੋਂ ਰਲ-ਮਿਲ ਕੇ ਹੜ੍ਹ ਪੀੜਤਾਂ ਦੀ ਸੇਵਾ ਕੀਤੀ ਜਾ ਰਹੀ ਹੈ।ਕਲਗੀਧਰ ਟਰੱਸਟ ਬੜੂ ਸਾਹਿਬ ਹਿਮਾਚਲ ਪ੍ਰਦੇਸ਼ ਵਲੋਂ ਕੁਦਰਤੀ ਆਫਤਾਂ ਨਾਲ ਨਜਿੱਠਣ ਲਈ ਅਕਾਲ ਸੇਵਾ ਟੀਮਾਂ ਨੂੰ ਭੇਜਣ ਦਾ 26 ਅਗਸਤ ਤੋਂ ਹੀ ਉੱਦਮ ਚੱਲ ਰਿਹਾ ਹੈ, ਜਿਸ ਸਬੰਧੀ ਕਲਗੀਧਰ ਟਰੱਸਟ ਬੜੂ ਸਾਹਿਬ ਦੇ ਉੱਪ-ਪ੍ਰਧਾਨ ਭਾਈ ਜਗਜੀਤ ਸਿੰਘ (ਕਾਕਾ ਵੀਰ ਜੀ) ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕਲਗੀਧਰ ਟਰੱਸਟ ਬੜੂ ਸਾਹਿਬ ਵਲੋਂ ਸੂਬੇ ਦੀ ਮਸ਼ਹੂਰ ਜਗਤਜੀਤ ਐਗਰੋ ਇੰਡਸਟਰੀ ਚੀਮਾ ਮੰਡੀ ਅਤੇ ਸਿੱਖ-ਮੁਸਲਿਮ ਸਾਂਝ ਸੋਸਾਇਟੀ ਨਾਲ ਮਿਲ ਕੇ ਹੜ੍ਹ ਪੀੜਤ ਪਿੰਡਾਂ 'ਚ ਰਾਸ਼ਨ ਕਿੱਟਾਂ, ਗੱਦੇ, ਕੰਬਲ, ਬੈੱਡ ਸ਼ੀਟ, ਚੱਪਲਾਂ, ਸੈਨੇਟਰੀ ਪੈਡ, ਦਵਾਈਆਂ, ਪਾਣੀ ਦੀਆਂ ਬੋਤਲਾਂ ਅਤੇ ਹੋਰ ਜ਼ਰੂਰਤ ਦਾ ਸਾਮਾਨ ਵੰਡਿਆ ਗਿਆ।

ਜ਼ਿਕਰਯੋਗ ਹੈ ਕਿ ਕਲਗੀਧਰ ਟਰੱਸਟ ਬੜੂ ਸਾਹਿਬ ਵਲੋਂ ਹੜ੍ਹ ਪੀੜਤਾਂ ਦੇ ਰਾਹਤ ਕਾਰਜਾਂ ਲਈ "ਹੜ੍ਹ ਪੀੜਤ ਰਾਹਤ ਕੈਂਪ" ਵੀ ਗੁਰਦਾਸਪੁਰ ਜ਼ਿਲ੍ਹੇ ਲਈ ਅਕਾਲ ਅਕੈਡਮੀ ਤਿੱਬੜ, ਦੀਨਾਨਗਰ, ਡੇਰਾ ਬਾਬਾ ਨਾਨਕ ਅਤੇ ਸੁਜਾਨਪੁਰ ਵਿਖੇ ਅੰਮ੍ਰਿਤਸਰ ਜ਼ਿਲ੍ਹੇ ਲਈ ਅਕਾਲ ਅਕੈਡਮੀ ਵਛੋਆ ਅਤੇ ਅਕਾਲ ਅਕੈਡਮੀ ਦਦੇਹਰ ਸਾਹਿਬ ਵਿਖੇ ਅਤੇ ਫਾਜ਼ਿਲਕਾ ਜ਼ਿਲ੍ਹੇ ਵਿਚ ਅਕਾਲ ਅਕੈਡਮੀ ਥੇਹ ਕਲੰਦਰ ਵਿਖੇ ਕੈਂਪਸ ਬਣਾਏ ਗਏ ਹਨ। ਜਿਥੋਂ ਨੇੜੇ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਵਿਚ ਅਤੇ ਢਾਣੀਆਂ ਵਿਚ ਕਿਸ਼ਤੀ ਰਾਹੀਂ ਹੜ੍ਹ ਪੀੜਤਾਂ ਤਕ ਪਹੁੰਚ ਕੀਤੀ ਜਾ ਰਹੀ ਹੈ। ਜ਼ਿਕਰਯੋਗ ਹੈ ਕਿ ਦੇਸ਼ ਵਿਚ ਜਦੋਂ ਵੀ ਕੁਦਰਤੀ ਆਫ਼ਤਾਂ ਆਉਂਦੀਆਂ ਹਨ ਤਾਂ ਉਕਤ ਟਰੱਸਟ ਦੀ ਅਕਾਲ ਸੇਵਾ ਟੀਮ ਨਿਧੜਕ ਹੋ ਕੇ ਹੜ੍ਹ ਪੀੜਤਾਂ ਦੀ ਸੇਵਾ ਲਈ ਤਤਪਰ ਰਹਿੰਦੀ ਹੈ। 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ