ਰਾਹਤ ਕੇਂਦਰਾਂ 'ਚ ਪ੍ਰਸ਼ਾਸਨ ਵਲੋਂ ਗਰਭਵਤੀ ਮਹਿਲਾਵਾਂ ਦਾ ਰੱਖਿਆ ਜਾ ਰਿਹਾ ਵਿਸ਼ੇਸ਼ ਧਿਆਨ

ਫਾਜ਼ਿਲਕਾ, 4 ਸਤੰਬਰ (ਬਲਜੀਤ ਸਿੰਘ)-ਫ਼ਾਜ਼ਿਲਕਾ ’ਚ ਲਗਾਤਾਰ ਵਧਦੇ ਪਾਣੀ ਦੇ ਪੱਧਰ ਦੇ ਚਲਦਿਆਂ ਪ੍ਰਭਾਵਿਤ ਪਿੰਡਾਂ ਦੇ ਲੋਕਾਂ ਵਲੋਂ ਆਪਣੇ ਘਰਾਂ ਨੂੰ ਛੱਡ ਕੇ ਪ੍ਰਸ਼ਾਸਨ ਵਲੋਂ ਬਣਾਏ ਰਾਹਤ ਕੇਂਦਰਾਂ ’ਚ ਆਇਆ ਜਾ ਰਿਹਾ ਹੈ। ਉਥੇ ਹੀ ਫ਼ਾਜ਼ਿਲਕਾ ਦੇ ਮੌਜ਼ਮ ਪਿੰਡ ਦੇ ਸਰਕਾਰੀ ਸਕੂਲ ਵਿਚ ਬਣੇ ਰਾਹਤ ਕੇਂਦਰ ’ਚ ਕਰੀਬ ਵੱਖ-ਵੱਖ ਪਿੰਡਾਂ ਦੇ 130 ਲੋਕ ਠਹਿਰੇ ਹੋਏ ਹਨ ਜਿਨ੍ਹਾਂ ਨੂੰ ਪ੍ਰਸ਼ਾਸਨ ਵਲੋਂ ਹਰ ਤਰ੍ਹਾਂ ਦੀ ਜ਼ਰੂਰੀ ਸਹੂਲਤਾਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ। ਖ਼ਾਸ ਗੱਲ ਇਹ ਹੈ ਕਿ ਇਸ ਰਾਹਤ ਕੈਂਪ ਵਿਚ ਇਕ ਹੀ ਪਿੰਡ ਦੀਆਂ ਚਾਰ ਗਰਭਵਤੀ ਮਹਿਲਾਵਾਂ ਵੀ ਪਹੁੰਚੀਆਂ ਹੋਈਆਂ ਹਨ।
ਜਾਣਕਾਰੀ ਦਿੰਦੇ ਹੋਏ ਰਾਹਤ ਕੇਂਦਰ ਦੇ ਇੰਚਾਰਜ ਜਗਦੀਪ ਕੁਮਾਰ ਨੇ ਦੱਸਿਆ ਕਿ ਇਥੇ ਅਮਰਜੀਤ ਕੌਰ ਪਤਨੀ ਬਲਵਿੰਦਰ ਸਿੰਘ, ਕੈਲਾਸ਼ ਰਾਣੀ ਪਤਨੀ ਦਰਸ਼ਨ ਸਿੰਘ, ਸਰੋਜ ਰਾਣੀ ਪਤਨੀ ਯੁਗਰਾਜ ਸਿੰਘ, ਸੁਨੀਤਾ ਰਾਣੀ ਪਤਨੀ ਬੂਟਾ ਸਿੰਘ ਵਾਸੀ ਪਿੰਡ ਮੁਹਾਰ ਜਮਸ਼ੇਰ ਜੋ ਕਿ ਗਰਭਵਤੀ ਮਹਿਲਾਵਾਂ ਹਨ ਅਤੇ ਇਸ ਰਾਹਤ ਕੇਂਦਰ ਵਿਚ ਜ਼ਿਲ੍ਹਾ ਪ੍ਰਸ਼ਾਸਨ ਦੇ ਨਿਰਦੇਸ਼ਾਂ ਹੇਠ ਸਿਹਤ ਵਿਭਾਗ ਦੀ ਦੇਖ਼-ਰੇਖ ਹੇਠ ਇਨ੍ਹਾਂ ਦਾ ਵਿਸ਼ੇਸ਼ ਧਿਆਨ ਰੱਖਿਆ ਜਾ ਰਿਹਾ ਹੈ। ਉਕਤ ਮਹਿਲਾਵਾਂ ਨੇ ਦੱਸਿਆ ਕਿ ਉਨ੍ਹਾਂ ਦੇ ਪਿੰਡ ਵਿਚ ਪਾਣੀ ਭਰ ਜਾਣ ਕਾਰਨ ਉਹ ਮੌਜ਼ਮ ’ਚ ਬਣੇ ਇਸ ਰਾਹਤ ਕੈਂਪ ਵਿਚ ਪਹੁੰਚੇ ਹਨ। ਜਿਥੇ ਸਿਹਤ ਵਿਭਾਗ ਦੀ ਮਹਿਲਾ ਕਰਮਚਾਰੀਆਂ ਵਲੋਂ ਵਿਸ਼ੇਸ਼ ਤੌਰ ’ਤੇ ਉਨ੍ਹਾਂ ਦਾ ਸਮੇਂ-ਸਮੇਂ ’ਤੇ ਚੈੱਕਅਪ ਕੀਤਾ ਜਾਂਦਾ ਹੈ ਅਤੇ ਦਵਾਈਆਂ ਆਦਿ ਮੁਹੱਈਆ ਕਰਵਾਈਆਂ ਜਾਂਦੀਆਂ ਹਨ। ਨਾਲ ਹੀ ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਖ਼ਾਣ-ਪੀਣ ਦਾ ਵੀ ਧਿਆਨ ਰੱਖਦੇ ਹੋਏ ਉਨ੍ਹਾਂ ਨੂੰ ਰੋਟੀ ਦੇ ਨਾਲ-ਨਾਲ ਦੁੱਧ ਅਤੇ ਫਲ ਆਦਿ ਖਾਣ ਲਈ ਮੁਹੱਈਆ ਕਰਵਾਏ ਜਾਂਦੇ ਹਨ।