ਡੇਂਗੂ ਵਾਰਡ 'ਚ ਸ਼ਾਰਟ-ਸਰਕਟ ਕਾਰਨ ਤਾਰਾਂ ਨੂੰ ਲੱਗੀ ਅੱਗ, ਬਿਜਲੀ ਸਪਲਾਈ ਹੋਈ ਬੰਦ

ਕਪੂਰਥਲਾ, 4 ਸਤੰਬਰ (ਅਮਨਜੋਤ ਸਿੰਘ ਵਾਲੀਆ)-ਬੀਤੇ ਦਿਨਾਂ ਦੌਰਾਨ ਹੋਈ ਬਾਰਿਸ਼ ਕਾਰਨ ਸਿਵਲ ਹਸਪਤਾਲ ਦਾ ਐਮਰਜੈਂਸੀ ਵਾਰਡ ਤੇ ਵੱਖ-ਵੱਖ ਵਾਰਡਾਂ, ਲੈਬਾਰਟਰੀਆਂ, ਐਕਸਰੇ ਵਿਭਾਗ, ਦਫ਼ਤਰ ਤੇ ਹੋਰ ਥਾਵਾਂ ਉਤੇ ਪਾਣੀ ਚੋਅ ਰਿਹਾ ਹੈ ਤੇ ਲਗਭਗ ਸਾਰੀਆਂ ਕੰਧਾਂ ਸਲਾਬੀਆਂ ਗਈਆਂ ਹਨ, ਜਿਸ ਕਾਰਨ ਕੰਧਾਂ ਵਿਚ ਕਰੰਟ ਆਉਣ ਕਾਰਨ ਸਾਰੇ ਟੈਸਟ ਤੇ ਵਿਭਾਗੀ ਕੰਮ ਠੱਪ ਪਏ ਹਨ, ਜਿਸ ਕਾਰਨ ਰੋਜ਼ਾਨਾ ਇਲਾਜ ਕਰਵਾਉਣ ਆ ਰਹੇ ਮਰੀਜ਼ਾਂ ਨੂੰ ਕਾਫ਼ੀ ਦਿੱਕਤਾਂ ਦਾ ਸਾਹਮਣਾ ਵੀ ਕਰਨਾ ਪੈ ਰਿਹਾ ਹੈ ਤੇ ਬਾਹਰੋਂ ਮਹਿੰਗੇ ਟੈਸਟ ਤੇ ਐਕਸਰੇ ਕਰਵਾ ਰਹੇ ਹਨ। ਅੱਜ ਸਵੇਰੇ ਡੇਂਗੂ ਵਾਰਡ ਵਿਚ ਕੰਧਾਂ ਸਲਾਬੀਆਂ ਹੋਣ ਕਾਰਨ ਬਿਜਲੀ ਦੀਆਂ ਤਾਰਾਂ ਵਿਚ ਸ਼ਾਰਟ ਸਰਕਟ ਹੋਣ ਕਾਰਨ ਤਾਰਾਂ ਨੂੰ ਅੱਗ ਲੱਗ ਗਈ, ਜਿਸ ਕਾਰਨ ਵਾਰਡ ਦੀ ਬਿਜਲੀ ਬੰਦ ਹੋ ਗਈ, ਜਿਸਦੀ ਸੂਚਨਾ ਮਿਲਣ 'ਤੇ ਸਟਾਫ਼ ਵਲੋਂ ਰੇਤਾ ਪਾ ਕੇ ਅੱਗ ਨੂੰ ਬੁਝਾਇਆ ਗਿਆ। ਇਸ ਸਬੰਧੀ ਐਸ.ਐਮ.ਓ. ਡਾ. ਇੰਦੂਬਾਲਾ ਨਾਲ ਗੱਲ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਬਾਰਿਸ਼ ਕਾਰਨ ਹਸਪਤਾਲ ਦੀਆਂ ਸਾਰੀਆਂ ਕੰਧਾਂ ਗਿਲੀਆਂ ਹੋ ਗਈਆਂ ਹਨ ਤੇ ਕਰੰਟ ਆ ਰਿਹਾ ਹੈ, ਇਸਦੇ ਚੱਲਦਿਆਂ ਅੱਜ ਡੇਂਗੂ ਵਾਰਡ ਵਿਚ ਸ਼ਾਰਟ ਸਰਕਟ ਹੋਇਆ, ਜਿਸਦੀ ਜਲਦ ਮੁਰੰਮਤ ਕਰਵਾ ਕੇ ਬਿਜਲੀ ਚਾਲੂ ਕਰਵਾ ਦਿੱਤੀ ਜਾਵੇਗੀ।