ਸਾਬਕਾ ਸਰਪੰਚ ਦੇ ਕਤਲ ਦੇ ਰੋਸ ਵਜੋਂ ਰਾਜਾ ਵੜਿੰਗ, ਪ੍ਰਤਾਪ ਸਿੰਘ ਬਾਜਵਾ ਵਲੋਂ ਐੱਸ.ਐੱਸ.ਪੀ. ਦਫਤਰ ਅੱਗੇ ਧਰਨਾ

ਤਰਨਤਾਰਨ, 4 ਸਤੰਬਰ (ਹਰਿੰਦਰ ਸਿੰਘ)-ਬੀਤੇ ਦਿਨ ਵਿਧਾਨ ਸਭਾ ਹਲਕਾ ਪੱਟੀ ਤੋਂ ਕਾਂਗਰਸ ਪਾਰਟੀ ਦੇ ਬਲਾਕ ਪ੍ਰਧਾਨ ਅਤੇ ਪਿੰਡ ਤੂਤ ਦੇ ਸਾਬਕਾ ਸਰਪੰਚ ਗੁਰਮੇਲ ਸਿੰਘ ਨੂੰ ਬੀਤੀ ਰਾਤ ਅਣਪਛਾਤੇ ਵਿਅਕਤੀਆਂ ਵਲੋਂ ਉਨ੍ਹਾਂ ਦੀ ਹੱਤਿਆ ਕਰ ਦਿੱਤੀ ਗਈ ਸੀ, ਦੇ ਰੋਸ ਵਜੋਂ ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ, ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਅਤੇ ਕਾਂਗਰਸੀ ਆਗੂਆਂ ਅਤੇ ਵਰਕਰਾਂ ਵਲੋਂ ਐੱਸ.ਐੱਸ.ਪੀ. ਦਫ਼ਤਰ ਤਰਨਤਾਰਨ ਅੱਗੇ ਧਰਨਾ ਦਿੱਤਾ ਗਿਆ ਅਤੇ ਕਾਤਲਾਂ ਨੂੰ ਜਲਦ ਤੋਂ ਜਲਦ ਗ੍ਰਿਫਤਾਰ ਕਰਨ ਦੀ ਮੰਗ ਕੀਤੀ ਗਈ। ਅਮਰਿੰਦਰ ਸਿੰਘ ਰਾਜਾ ਵੜਿੰਗ ਅਤੇ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਪੰਜਾਬ ਵਿਚ ਕਤਲੋਗਾਰਦ ਰੁਕਣ ਦਾ ਨਾਮ ਨਹੀਂ ਲੈ ਰਹੀ ਅਤੇ ਸਾਡੇ ਜੁਝਾਰੂ ਕਾਂਗਰਸੀ ਆਗੂ ਦੀ ਹੱਤਿਆ ਹੋਣਾ ਬਹੁਤ ਹੀ ਦੁਖਦਾਈ ਹੈ। ਖ਼ਬਰ ਲਿਖੇ ਜਾਣ ਤੱਕ ਐੱਸ.ਐੱਸ.ਪੀ. ਦਫ਼ਤਰ ਅੱਗੇ ਧਰਨਾ ਜਾਰੀ ਸੀ।