ਕੇਂਦਰੀ ਟੀਮ ਵਲੋਂ ਜ਼ਿਲ੍ਹੇ ਦੇ ਹੜ੍ਹ ਪ੍ਰਭਾਵਿਤ ਖੇਤਰਾਂ ਦਾ ਦੌਰਾ, ਨੁਕਸਾਨ ਦਾ ਲਿਆ ਜਾਇਜ਼ਾ


ਕਪੂਰਥਲਾ/ਸੁਲਤਾਨਪੁਰ ਲੋਧੀ, 5 ਸਤੰਬਰ (ਅਮਰਜੀਤ ਕੋਮਲ, ਨਰੇਸ਼ ਹੈਪੀ, ਥਿੰਦ)-ਪੰਜਾਬ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਵਿਚ ਹੋਏ ਨੁਕਸਾਨ ਦਾ ਜਾਇਜ਼ਾ ਲੈਣ ਲਈ ਕੇਂਦਰ ਸਰਕਾਰ ਵਲੋਂ ਭੇਜੀ ਗਈ ਅੱਜ ਕੇਂਦਰੀ ਟੀਮ ਨੇ ਕੇਂਦਰੀ ਪਾਵਰ ਮੰਤਰਾਲੇ ਦੇ ਸੀ.ਈ.ਏ. ਆਰ.ਕੇ. ਤਿਵਾੜੀ, ਖੇਤੀਬਾੜੀ ਦੇ ਡਾਇਰੈਕਟਰ ਲਕਸ਼ਮਣ ਰਾਮ ਬਲਡਕ, ਕੇਂਦਰੀ ਦਿਹਾਤੀ ਵਿਕਾਸ ਮੰਤਰਾਲੇ ਦੇ ਅੰਡਰ ਸੈਕਟਰੀ ਸੰਦੀਪ ਦੱਤਾ ਤੇ ਕੇਂਦਰੀ ਜਲ ਸ਼ਕਤੀ ਮੰਤਰਾਲੇ ਦੇ ਡਿਪਟੀ ਡਾਇਰੈਕਟਰ ਪ੍ਰਕਾਸ਼ ਚੰਦ ਨੇ ਕਪੂਰਥਲਾ ਦੇ ਮੰਡ ਖੇਤਰ ਦੇ ਟਾਪੂਨੁਮਾ ਪਿੰਡਾਂ ਬਾਊਪੁਰ, ਸਾਂਗਰਾ ਵਿਚ ਬੋਟ ਰਾਹੀਂ ਜਾ ਕੇ ਹੜ੍ਹ ਨਾਲ ਹੋਏ ਨੁਕਸਾਨ ਦਾ ਜਾਇਜ਼ਾ ਲਿਆ।
ਉਨ੍ਹਾਂ ਪਿੰਡ ਬਾਊਪੁਰ ਵਿਚ ਹੜ੍ਹ ਦੀ ਮਾਰ ਹੇਠ ਆਏ ਸਕੂਲ ਦਾ ਵੀ ਦੌਰਾ ਕੀਤਾ। ਇਸ ਤੋਂ ਪਹਿਲਾਂ ਕੇਂਦਰੀ ਟੀਮ ਦੇ ਮੈਂਬਰਾਂ ਨੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਮੀਟਿੰਗ ਕਰਕੇ ਹੜ੍ਹ ਨਾਲ ਹੋਏ ਨੁਕਸਾਨ ਬਾਰੇ ਜਾਣਕਾਰੀ ਪ੍ਰਾਪਤ ਕੀਤੀ। ਇਸ ਮੌਕੇ ਜ਼ਿਲ੍ਹਾ ਡਿਪਟੀ ਕਮਿਸ਼ਨਰ ਅਮਿਤ ਕੁਮਾਰ ਪੰਚਾਲ ਨੇ ਟੀਮ ਦੇ ਮੈਂਬਰਾਂ ਨੂੰ ਮੰਡ ਖੇਤਰ ਦੇ ਟਾਪੂਨੁਮਾ ਪਿੰਡਾਂ ਬਾਰੇ ਜਾਣਕਾਰੀ ਦਿੱਤੀ ਤੇ ਟੀਮ ਦੇ ਮੈਂਬਰਾਂ ਨੂੰ ਦੱਸਿਆ ਕਿ ਜ਼ਿਲ੍ਹੇ ਵਿਚ ਹੜ੍ਹ ਨਾਲ 35 ਹਜ਼ਾਰ ਏਕੜ ਵਿਚ ਫ਼ਸਲਾਂ ਤੋਂ ਇਲਾਵਾ ਕਪੂਰਥਲਾ, ਭੁਲੱਥ ਤੇ ਸੁਲਤਾਨਪੁਰ ਲੋਧੀ ਤਹਿਸੀਲਾਂ ਵਿਚ ਬੁਨਿਆਦੀ ਢਾਂਚੇ ਨੂੰ ਵੀ ਨੁਕਸਾਨ ਪੁੱਜਾ ਹੈ। ਉਨ੍ਹਾਂ ਦੱਸਿਆ ਕਿ ਬੀਤੀ 11 ਅਗਸਤ ਤੋਂ ਜ਼ਿਲ੍ਹੇ ਵਿਚ ਰਾਹਤ ਕਾਰਜ ਜਾਰੀ ਹਨ ਤੇ ਪ੍ਰਭਾਵਿਤ ਲੋਕਾਂ ਦੀ ਰਿਹਾਇਸ਼, ਖ਼ਾਣੇ ਤੇ ਹੋਰ ਸਹੂਲਤਾਂ ਲਈ ਚਾਰ ਰਾਹਤ ਕੇਂਦਰ ਬਣਾਏ ਗਏ ਹਨ ਤੇ ਐਸ.ਡੀ.ਆਰ.ਐਫ. ਤੇ ਭਾਰਤੀ ਫੌਜ ਵਲੋਂ ਹੜ੍ਹ ਪ੍ਰਭਾਵਿਤ ਖੇਤਰਾਂ ਦੇ 1500 ਤੋਂ ਵੱਧ ਲੋਕਾਂ ਨੂੰ ਸੁਰੱਖਿਅਤ ਥਾਵਾਂ 'ਤੇ ਪਹੁੰਚਾਇਆ ਜਾ ਚੁੱਕਾ ਹੈ। ਇਸ ਮੌਕੇ ਪੰਜਾਬ ਲੋਕ ਨਿਰਮਾਣ ਵਿਭਾਗ ਦੇ ਮੁੱਖ ਇੰਜੀਨੀਅਰ ਰਮਤੇਜ ਸਿੰਘ ਬੈਂਸ, ਵਧੀਕ ਡਿਪਟੀ ਕਮਿਸ਼ਨਰ ਨਵਨੀਤ ਕੌਰ ਬੱਲ, ਐਸ.ਡੀ.ਐਮ. ਅਲਕਾ ਕਾਲੀਆ ਤੋਂ ਇਲਾਵਾ ਜ਼ਿਲ੍ਹੇ ਦੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਹਾਜ਼ਰ ਸਨ।