ਅਜਨਾਲਾ ਤੇ ਰਮਦਾਸ ਖੇਤਰ ਦੀ ਭਿਆਨਕ ਤਬਾਹੀ ਦਾ ਕਾਰਨ ਬਣੇ ਘੋਨੇਵਾਲਾ ਦੇ ਧੁੱਸੀ ਬੰਨ੍ਹ, 500 ਮੀਟਰ ਪਿਆ ਪਾੜ

ਅਜਨਾਲਾ, 5 ਸਤੰਬਰ (ਗੁਰਪ੍ਰੀਤ ਸਿੰਘ ਢਿਲੋਂ)-ਭਾਰਤ-ਪਾਕਿਸਤਾਨ ਕੌਮਾਂਤਰੀ ਸਰਹੱਦ ਨਾਲ ਲੱਗਦੇ ਇਲਾਕੇ ਵਿਚ ਆਫਤ ਦਾ ਕਾਰਨ ਬਣੇ ਰਾਵੀ ਦਰਿਆ ਦੇ ਉਹ ਬੰਨ੍ਹ ਜਿਨ੍ਹਾਂ ਦੇ ਟੁੱਟਣ ਕਾਰਨ ਇਸ ਇਲਾਕੇ ਵਿਚ ਹਜ਼ਾਰਾਂ ਏਕੜ ਫਸਲ ਤਬਾਹ ਹੋ ਗਈ ਤੇ ਤਿੰਨ ਕੀਮਤੀ ਜਾਨਾਂ ਅਜਾਈਂ ਚਲੇ ਜਾਣ ਤੋਂ ਇਲਾਵਾ ਹੋਰ ਵੀ ਮਾਲੀ ਨੁਕਸਾਨ ਹੋਇਆ ਸੀ, ਨੂੰ ਭਰਨ ਦਾ ਕੰਮ ਕਾਰ ਸੇਵਾ ਗੁਰੂ ਕਾ ਬਾਗ ਵਾਲੇ ਮਹਾਪੁਰਖਾਂ ਵਲੋਂ ਸ਼ੁਰੂ ਕਰ ਦਿੱਤਾ ਗਿਆ ਹੈ।
ਬੰਨ੍ਹ ਪੂਰਨ ਦੀ ਸੇਵਾ ਵਿਚ ਹਿੱਸਾ ਪਾਉਣ ਲਈ ਅੱਜ ਹਲਕਾ ਵਿਧਾਇਕ ਸ. ਕੁਲਦੀਪ ਸਿੰਘ ਧਾਲੀਵਾਲ ਪਿੰਡ ਘੋਨੇਵਾਲਾ ਨਜ਼ਦੀਕ ਪੁੱਜੇ, ਜਿਥੇ ਉਨ੍ਹਾਂ ਬੰਨ੍ਹ ਪੂਰਨ ਦੀ ਚੱਲ ਰਹੀ ਸੇਵਾ ਵਿਚ ਹਿੱਸਾ ਪਾਇਆ ਤੇ ਆਪਣੇ ਹੱਥੀਂ ਸੇਵਾ ਕਾਰਜ ਨਿਭਾਏ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਵਿਧਾਇਕ ਸ. ਕੁਲਦੀਪ ਸਿੰਘ ਧਾਲੀਵਾਲ ਨੇ ਦੱਸਿਆ ਕਿ ਰਾਵੀ ਦਰਿਆ ਵਿਚ ਆਏ ਭਿਆਨਕ ਹੜ੍ਹਾਂ ਕਾਰਨ ਘੋਨੇਵਾਲਾ ਧੁੱਸੀ ਬੰਨ੍ਹ ਉਤੇ ਲਗਭਗ 500 ਮੀਟਰ ਚੌੜਾ ਪਾੜ ਪਿਆ ਹੈ। ਉਨ੍ਹਾਂ ਕਿਹਾ ਕਿ ਕਾਰ ਸੇਵਾ ਵਾਲੇ ਮਹਾਪੁਰਖ ਬਾਬਾ ਸਤਨਾਮ ਸਿੰਘ ਗੁਰੂ ਕਾ ਬਾਗ ਵਾਲਿਆਂ ਵਲੋਂ ਸੰਗਤਾਂ ਦੇ ਸਹਿਯੋਗ ਨਾਲ ਬੰਨ੍ਹ ਨੂੰ ਪੂਰਨ ਦੀ ਸੇਵਾ ਸ਼ੁਰੂ ਕਰ ਦਿੱਤੀ ਗਈ ਹੈ। ਉਨ੍ਹਾਂ ਅੱਗੇ ਦੱਸਿਆ ਕਿ ਆਸ ਹੈ ਕਿ ਆਉਂਦੇ 3-4 ਦਿਨਾਂ 'ਚ ਮਹਾਪੁਰਖਾਂ ਵਲੋਂ ਇਹ ਬੰਨ੍ਹ ਪੂਰ ਦਿੱਤੇ ਜਾਣਗੇ। ਉਨ੍ਹਾਂ ਸੰਗਤਾਂ ਨੂੰ ਅਪੀਲ ਕੀਤੀ ਕਿ ਬੰਨ੍ਹ ਨੂੰ ਪੂਰਨ ਲਈ ਚੱਲ ਰਹੀ ਸੇਵਾ ਵਿਚ ਹਿੱਸਾ ਜ਼ਰੂਰ ਲੈਣ।
ਸ. ਧਾਲੀਵਾਲ ਤੋਂ ਇਲਾਵਾ ਡਿਪਟੀ ਕਮਿਸ਼ਨਰ ਸ਼੍ਰੀਮਤੀ ਸਾਕਸ਼ੀ ਸਾਹਨੀ ਨੇ ਆਪਣੇ ਅਧਿਕਾਰੀਆਂ ਨਾਲ ਮੌਕੇ ਉੱਤੇ ਪਹੁੰਚ ਕੇ ਸਾਰੇ ਪ੍ਰਬੰਧਾਂ ਦਾ ਜਾਇਜ਼ਾ ਲਿਆ। ਇਸ ਮੌਕੇ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਬੰਨ੍ਹ ਪੂਰਨ ਦਾ ਕੰਮ ਕਰ ਰਹੀਆਂ ਸੰਗਤਾਂ ਅਤੇ ਟੀਮਾਂ ਦਾ ਹੌਸਲਾ ਵਧਾਉਂਦਿਆਂ ਕਿਹਾ ਕਿ ਤੁਹਾਡੇ ਵਲੋਂ ਕੀਤੀ ਜਾ ਰਹੀ ਇਹ ਸੇਵਾ ਲੱਖਾਂ ਲੋਕਾਂ ਦੇ ਘਰ ਵਾਪਸੀ ਦਾ ਸਾਧਨ ਬਣਨੀ ਹੈ, ਸੋ ਇਸ ਕੰਮ ਨੂੰ ਦਿਲੋਂ ਇਮਾਨਦਾਰੀ ਅਤੇ ਪੇਸ਼ੇਵਾਰ ਮਜ਼ਬੂਤੀ ਨਾਲ ਕੀਤਾ ਜਾਵੇ ਤਾਂ ਜੋ ਭਵਿੱਖ ਵਿਚ ਇਹ ਕਿਨਾਰੇ ਸਾਡੇ ਲੋਕਾਂ ਦੇ ਘਰ ਉੱਜੜਨ ਦਾ ਸਾਧਨ ਨਾ ਬਣਨ।