JALANDHAR WEATHER

ਸ੍ਰੀ ਹੇਮਕੁੰਟ ਸਾਹਿਬ ਵਿਖੇ 2.60 ਲੱਖ ਸ਼ਰਧਾਲੂ ਹੋਏ ਨਤਮਸਤਕ

ਸ੍ਰੀ ਹੇਮਕੁੰਟ ਸਾਹਿਬ, 24 ਸਤੰਬਰ-25 ਮਈ ਤੋਂ ਸ਼ੁਰੂ ਹੋਈ ਸੱਚਖੰਡ ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਦੀ ਯਾਤਰਾ ਦੌਰਾਨ ਹੁਣ ਤੱਕ 2.60 ਲੱਖ ਸ਼ਰਧਾਲੂ ਨਤਮਸਤਕ ਹੋ ਚੁੱਕੇ ਹਨ।
ਸ੍ਰੀ ਹੇਮਕੁੰਟ ਸਾਹਿਬ ਦੀ ਇਹ ਯਾਤਰਾ 10 ਅਕਤੂਬਰ ਤੱਕ ਨਿਰੰਤਰ ਜਾਰੀ ਰਹੇਗੀ। ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਵਿਖੇ ਹੈੱਡ ਗ੍ਰੰਥੀ ਹਮੀਰ ਸਿੰਘ ਅਤੇ ਹੈੱਡ ਗ੍ਰੰਥੀ ਸੁੱਚਾ ਸਿੰਘ ਵਲੋਂ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਦੀਆਂ ਸੇਵਾਵਾਂ ਨਿਭਾਈਆਂ ਜਾ ਰਹੀਆਂ ਹਨ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਜਨਮ ਨਾਲ ਸੰਬੰਧਿਤ ਤਪ ਅਸਥਾਨ ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਉੱਤਰਾਖੰਡ ਦੇ ਜ਼ਿਲ੍ਹਾ ਚਮੋਲੀ ਵਿਖੇ ਸਮੁੰਦਰੀ ਤਲ ਤੋਂ ਲਗਭਗ 15200 ਫੁੱਟ ਦੀ ਉੱਚਾਈ 'ਤੇ ਸਥਿਤ ਹੈ। ਇਸ ਸਮੇਂ ਪੰਜਾਬ, ਦਿੱਲੀ, ਜੰਮੂ, ਮੱਧ ਪ੍ਰਦੇਸ਼, ਯੂ.ਪੀ., ਉੱਤਰਾਖੰਡ, ਮਹਾਰਾਸ਼ਟਰ, ਮੁੰਬਈ ਤੋਂ ਇਲਾਵਾ ਦੇਸ਼-ਵਿਦੇਸ਼ ਤੋਂ ਵੱਡੀ ਗਿਣਤੀ 'ਚ ਸੰਗਤਾਂ ਨਤਮਸਤਕ ਹੋ ਰਹੀਆਂ ਹਨ। ਭਾਵੇਂ ਕਿ ਪੰਜਾਬ ਵਿਚ ਆਏ ਭਾਰੀ ਹੜ੍ਹਾਂ ਦਾ ਇਸ ਯਾਤਰਾ ਉਤੇ ਵੱਡਾ ਅਸਰ ਪਿਆ ਹੈ ਪਰ ਫਿਰ ਵੀ ਹੋਰ ਵੱਖ-ਵੱਖ ਸੂਬਿਆਂ ਤੋਂ ਸੰਗਤਾਂ ਦੇ ਜਥੇ ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਦੇ ਦਰਸ਼ਨ ਦੀਦਾਰ ਕਰ ਰਹੇ ਹਨ। ਇਹ ਜਥੇ ਸੱਚਖੰਡ ਸ੍ਰੀ ਹੇਮਕੁੰਟ ਸਾਹਿਬ ਵਿਖੇ ਪਹਿਲੀ ਅਰਦਾਸ 9.30 ਵਜੇ ਅਤੇ ਦੂਸਰੀ ਅਰਦਾਸ 12.15 ਵਜੇ ਵਿਚ ਸ਼ਾਮਿਲ ਹੋ ਰਹੇ ਹਨ।

ਅਰਦਾਸ ਉਪਰੰਤ ਸੰਗਤਾਂ ਵਾਪਸ ਗੁਰਦੁਆਰਾ ਸ੍ਰੀ ਗੋਬਿੰਦ ਧਾਮ ਨੂੰ ਪਰਤਦੀਆਂ ਹਨ। ਕੁਝ ਸੁਚੇਤ ਸੰਗਤਾਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਤਪ ਅਸਥਾਨ ਉਤੇ ਬੈਠ ਕੇ ਨਾਮ ਸਿਮਰਨ ਕਰਨ ਉਪਰੰਤ 2 ਵਜੇ ਤੋਂ ਬਾਅਦ ਵਾਪਸ ਆਉਂਦੀਆਂ ਹਨ। ਤਪ ਅਸਥਾਨ ਦੀਵਾਨ ਹਾਲ ਦੇ ਬਿਲਕੁਲ ਹੇਠਾਂ ਹੈ ਜਿਥੇ ਕਿ ਪਹਿਲਾਂ ਬਹੁਤ ਛੋਟਾ ਕਮਰਾ ਹੁੰਦਾ ਸੀ। ਉਸ ਵਿਚ ਵਾਧਾ ਕਰਕੇ ਵੱਡਾ ਕਰ ਦਿੱਤਾ ਗਿਆ ਹੈ। ਇਥੇ ਤਾਪਮਾਨ ਵੱਧ ਤੋਂ ਵੱਧ 16 ਡਿਗਰੀ ਅਤੇ ਘੱਟ ਤੋਂ ਘੱਟ ਤਿੰਨ ਡਿਗਰੀ ਦੇਖਿਆ ਗਿਆ। ਮੌਸਮ ਬਿਲਕੁਲ ਸਾਫ ਤੇ ਪੱਧਰਾ ਹੈ। ਦੇਖਣ ਵਿਚ ਆਇਆ ਹੈ ਕਿ ਇਸ ਸਾਲ ਦੀ ਯਾਤਰਾ ਨੂੰ ਸੋਸ਼ਲ ਮੀਡੀਏ ਵਲੋਂ ਬਹੁਤ ਪ੍ਰਭਾਵਿਤ ਕੀਤਾ ਗਿਆ ਪਰ ਫਿਰ ਵੀ ਯਾਤਰਾ ਸੰਗਤਾਂ ਦੇ ਛੋਟੇ-ਛੋਟੇ ਜਥਿਆਂ ਨਾਲ ਲਗਾਤਾਰ ਜਾਰੀ ਹੈ। ਮਨਾਂ ਵਿਚ ਭੈਅ ਹੋਣ ਦੇ ਬਾਵਜੂਦ ਵੀ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਵਿਚੋਂ ਸੰਗਤਾਂ ਦੀਆਂ ਟਾਵੀਆਂ ਟਾਵੀਆਂ ਗੱਡੀਆਂ ਸ੍ਰੀ ਹੇਮਕੁੰਟ ਸਾਹਿਬ ਦੀ ਯਾਤਰਾ ਵਿਚ ਸ਼ਾਮਿਲ ਹੋ ਰਹੀਆਂ ਹਨ।
 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ