ਚੰਡੀਗੜ੍ਹ ਸੈਕਟਰ 38 ਵੈਸਟ ’ਚ 36 ਸਾਲ ਪੁਰਾਣੀ ਸ਼ਾਹਪੁਰ ਕਲੋਨੀ ’ਤੇ ਚੱਲਿਆ ਪ੍ਰਸ਼ਾਸਨ ਦਾ ਬੁਲਡੋਜ਼ਰ


ਚੰਡੀਗੜ੍ਹ, 30 ਸਤੰਬਰ (ਸੰਦੀਪ ਕੁਮਾਰ ਮਾਹਨਾ) – ਚੰਡੀਗੜ੍ਹ ਦੇ ਸੈਕਟਰ 38 ਵੈਸਟ ’ਚ ਬਣੀ ਸ਼ਾਹਪੁਰ ਰਿਹਾਇਸ਼ੀ ਕਲੋਨੀ ਨੂੰ ਲੈ ਕੇ ਅੱਜ ਪ੍ਰਸ਼ਾਸਨ ਵਲੋਂ ਵੱਡੀ ਕਾਰਵਾਈ ਕੀਤੀ ਗਈ। ਸਵੇਰੇ ਤੋਂ ਹੀ ਅਸਟੇਟ ਦਫ਼ਤਰ ਦੇ ਬੁਲਡੋਜ਼ਰਾਂ ਦੀ ਮਦਦ ਨਾਲ ਕਲੋਨੀ ਦੇ ਘਰ ਢਾਹੁਣੇ ਸ਼ੁਰੂ ਕਰ ਦਿੱਤੇ ਗਏ। ਅਸਟੇਟ ਦਫ਼ਤਰ ਦੇ ਅਧਿਕਾਰੀਆਂ ਵਲੋਂ ਜਿਨ੍ਹਾਂ ਘਰਾਂ ਨੂੰ ਅਦਾਲਤ ਤੋਂ ਸਟੇਅ ਮਿਲਿਆ ਹੈ, ਉਨ੍ਹਾਂ ਨੂੰ ਕਰਾਸ ਦਾ ਨਿਸ਼ਾਨ ਲਗਾ ਕੇ ਛੱਡ ਦਿੱਤਾ ਗਿਆ ਹੈ।
ਅਸਟੇਟ ਦਫ਼ਤਰ ਨੇ ਕਲੋਨੀ ਵਸਨੀਕਾਂ ਨੂੰ 30 ਸਤੰਬਰ ਤੱਕ ਖ਼ਾਲੀ ਕਰਨ ਦੀ ਚਿਤਾਵਨੀ ਪਹਿਲਾਂ ਹੀ ਦੇ ਦਿੱਤੀ ਸੀ। ਇਸ ਤੋਂ ਬਾਅਦ ਡੀ.ਸੀ. ਵਲੋਂ ਲਿਖਤੀ ਆਦੇਸ਼ ਜਾਰੀ ਹੋਏ। ਕਾਰਵਾਈ ਲਈ 4 ਜੇ.ਸੀ.ਬੀ., 10 ਟਰੱਕ ਅਤੇ 200 ਮਜ਼ਦੂਰ ਮੌਕੇ ’ਤੇ ਲਿਆਂਦੇ ਗਏ। ਮੁੱਖ ਇੰਜੀਨੀਅਰ ਨੂੰ ਕਾਰਵਾਈ ਦੀ ਕਮਾਨ ਸੌਂਪੀ ਗਈ ਹੈ, ਜਦੋਂ ਕਿ ਐਸ.ਡੀ.ਓ. ਅਤੇ ਜੇ.ਈ. ਵੀ ਮੌਕੇ ’ਤੇ ਮੌਜੂਦ ਹਨ।
ਕਾਰਵਾਈ ਦੌਰਾਨ ਕਿਸੇ ਵੀ ਤਰ੍ਹਾਂ ਦੀ ਗੜਬੜ ਤੋਂ ਬਚਣ ਲਈ ਪ੍ਰਸ਼ਾਸਨ ਵਲੋਂ 200 ਪੁਲਿਸ ਕਰਮਚਾਰੀ, ਚਾਰ ਡੀ.ਐਸ.ਪੀ., ਮਹਿਲਾ ਕਾਂਸਟੇਬਲਾਂ ਸਮੇਤ ਐਸ.ਐਸ.ਪੀ. ਦੀ ਟੀਮ ਤਾਇਨਾਤ ਕੀਤੀ ਗਈ। ਇਸ ਦੇ ਨਾਲ ਹੀ ਚਾਰ ਐਂਬੂਲੈਂਸਾਂ ਵੀ ਘਟਨਾ ਸਥਾਨ ’ਤੇ ਰੱਖੀਆਂ ਗਈਆਂ।