ਨਕਲੀ ਕਰੰਸੀ ਰੈਕੇਟ ਦਾ ਪਰਦਾਫਾਸ਼ : 24.27 ਲੱਖ ਰੁਪਏ ਦੇ ਭਾਰਤੀ ਨੋਟ ਸਮੇਤ ਦੋਸ਼ੀ ਕਾਬੂ

ਚੰਡੀਗੜ੍ਹ, 3 ਅਕਤੂਬਰ (ਕਪਿਲ ਵਧਵਾ)-ਚੰਡੀਗੜ੍ਹ ਪੁਲਿਸ ਦੀ ਕ੍ਰਾਈਮ ਬ੍ਰਾਂਚ ਨੇ ਨਕਲੀ ਭਾਰਤੀ ਕਰੰਸੀ ਨੋਟਾਂ (ਐੱਫ. ਆਈ. ਸੀ. ਐੱਨ.) ਦੀ ਛਪਾਈ ਅਤੇ ਸਪਲਾਈ ਕਰਨ ਵਾਲੇ ਇਕ ਵੱਡੇ ਇੰਟਰ-ਸਟੇਟ ਗਰੋਹ ਦਾ ਪਰਦਾਫ਼ਾਸ਼ ਕੀਤਾ ਹੈ। ਪੁਲਿਸ ਨੇ ਤਿੰਨ ਮੁੱਖ ਮੁਲਜ਼ਮ ਗੌਰਵ ਕੁਮਾਰ (ਹਿਮਾਚਲ ਪ੍ਰਦੇਸ਼), ਵਿਕਰਮ ਮੀਣਾ (ਪੰਜਾਬ) ਅਤੇ ਜਿਤੇਂਦਰ ਸ਼ਰਮਾ (ਰਾਜਸਥਾਨ) ਨੂੰ ਗ੍ਰਿਫ਼ਤਾਰ ਕਰਕੇ 500 ਰੁਪਏ ਅਤੇ 100 ਰੁਪਏ ਦੇ ਕੁੱਲ 7,157 ਨਕਲੀ ਨੋਟ, ਜਿਨ੍ਹਾਂ ਦੀ ਕੀਮਤ 24,27,700 ਬਣਦੀ ਹੈ, ਬਰਾਮਦ ਕੀਤੇ ਹਨ। ਇਸ ਦੇ ਨਾਲ ਹੀ ਦੋ ਵਾਹਨ, ਪ੍ਰਿੰਟਰ, ਇੰਕ, ਕਟਰ ਅਤੇ “ਆਰ. ਬੀ. ਆਈ” ਸੁਰੱਖਿਆ ਧਾਗੇ ਵਾਲਾ ਖ਼ਾਸ ਪੇਪਰ ਵੀ ਕਬਜ਼ੇ ’ਚ ਲਿਆ ਗਿਆ।
ਇਹ ਗਰੋਹ ਚੰਡੀਗੜ੍ਹ, ਪੰਜਾਬ, ਹਿਮਾਚਲ ਪ੍ਰਦੇਸ਼, ਰਾਜਸਥਾਨ ਅਤੇ ਜੰਮੂ-ਕਸ਼ਮੀਰ ਵਿਚ ਸਰਗਰਮ ਸੀ। ਦੋਸ਼ੀ ਸਮਾਜਿਕ ਮੀਡੀਆ ਪਲੇਟਫਾਰਮਾਂ ਜਿਵੇਂ ਫੇਸਬੁੱਕ, ਇੰਸਟਾਗਰਾਮ ਤੇ ਟੈਲੀਗਰਾਮ ਰਾਹੀਂ ਗਾਹਕਾਂ ਨੂੰ ਫਸਾਉਂਦੇ ਸਨ ਅਤੇ ਅਕਸਰ ਨਕਲੀ ਨੋਟਾਂ ਨੂੰ ਕੋਰੀਅਰ ਸਰਵਿਸ ਰਾਹੀਂ ਭੇਜਦੇ ਸਨ। ਇਹ ਵੱਡੀ ਕਾਰਵਾਈ ਐਸ.ਪੀ. ਕ੍ਰਾਈਮ ਜਸਬੀਰ ਸਿੰਘ, ਡੀ. ਐੱਸ. ਪੀ. ਧੀਰਜ ਕੁਮਾਰ ਅਤੇ ਐੱਸ. ਐੱਚ. ਓ. ਸਤਵਿੰਦਰ ਦੀ ਅਗਵਾਈ ਹੇਠ ਸੰਭਵ ਹੋਈ। ਪੁਲਿਸ ਨੇ ਕਿਹਾ ਕਿ ਕੇਸ ਦੀ ਜਾਂਚ ਜਾਰੀ ਹੈ ਅਤੇ ਹੋਰ ਰਾਜਾਂ ਵਿਚ ਗ੍ਰਿਫ਼ਤਾਰ ਦੋਸ਼ੀਆਂ ਨੂੰ ਵੀ ਰਿਮਾਂਡ ‘ਤੇ ਲਿਆ ਕੇ ਪੂਰੀ ਚੇਨ ਦਾ ਖੁਲਾਸਾ ਕੀਤਾ ਜਾਵੇਗਾ।