ਸ. ਸੁਖਬੀਰ ਸਿੰਘ ਬਾਦਲ ਕਿਸਾਨ ਆਗੂ ਰਾਜੇਵਾਲ ਦੇ ਘਰ ਪੁੱਜੇ

ਸਮਰਾਲ, 3 ਅਕਤੂਬਰ (ਰਾਮ ਗੋਪਾਲ ਸੋਫਤ)-ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅੱਜ ਅਚਾਨਕ ਸਮਰਾਲਾ ’ਚ ਸੰਯੁਕਤ ਕਿਸਾਨ ਮੋਰਚੇ ਦੇ ਵੱਡੇ ਆਗੂ ਬਲਬੀਰ ਸਿੰਘ ਰਾਜੇਵਾਲ ਦੇ ਘਰ ਪਹੁੰਚੇ। ਸੁਖਬੀਰ ਬਾਦਲ ਲਗਭਗ 1 ਘੰਟਾ ਕਿਸਾਨ ਆਗੂ ਬਲਬੀਰ ਸਿੰਘ ਰਾਜੇਵਾਲ ਦੇ ਘਰ ਰਹੇ। ਇਸ ਮੌਕੇ ਸਾਬਕਾ ਮੰਤਰੀ ਸਿਕੰਦਰ ਸਿੰਘ ਮਲੂਕਾ ਵੀ ਹਾਜ਼ਰ ਸਨ। ਰਾਜੇਵਾਲ ਦੇ ਘਰੋਂ ਰਵਾਨਾ ਹੋਣ ਸਮੇਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸੁਖਬੀਰ ਸਿੰਘ ਬਾਦਲ ਨੇ ਅੱਜ ਰਾਜੇਵਾਲ ਦੇ ਘਰ ਦੀ ਇਸ ਫੇਰੀ ਨੂੰ ਗੈਰ-ਸਿਆਸੀ ਦੱਸਦੇ ਹੋਏ ਆਖਿਆ ਕਿ ਉਹ ਰਾਜੇਵਾਲ ਦੀ ਸਿਹਤ ਦਾ ਹਾਲ ਜਾਣਨ ਲਈ ਅੱਜ ਇਥੇ ਪਹੁੰਚੇ ਹਨ।
ਰਾਜੇਵਾਲ ਨਾਲ ਆਪਣੇ ਪਰਿਵਾਰਕ ਸੰਬੰਧ ਦਾ ਵਿਸਥਾਰ ਦੱਸਦਿਆ ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਪਿਤਾ ਸਵਰਗੀ ਪ੍ਰਕਾਸ਼ ਸਿੰਘ ਬਾਦਲ ਨਾਲ ਰਾਜੇਵਾਲ ਦੇ ਬੜੇ ਗੂੜ੍ਹੇ ਸੰਬੰਧ ਸਨ ਅਤੇ ਉਹ ਖੇਤੀਬਾੜੀ ਜਾਂ ਪੰਜਾਬ ਨਾਲ ਸੰਬੰਧਿਤ ਮਾਮਲਿਆਂ ਬਾਰੇ ਰਾਜੇਵਾਲ ਨਾਲ ਹੀ ਸਲਾਹ ਕਰਦੇ ਸਨ। ਸੁਖਬੀਰ ਬਾਦਲ ਨੇ ਕਿਹਾ ਕਿ ਪੰਜਾਬ ਨੂੰ ਅੱਗੇ ਲਿਜਾਣ ਲਈ ਅਤੇ ਖੇਤੀ ਨੂੰ ਮੁਨਾਫ਼ੇ ਵਾਲਾ ਧੰਦਾ ਬਣਾਉਣ ਲਈ ਸਲਾਹ ਕਰਨ ਪਹੁੰਚਿਆ ਹਾਂ ਅਤੇ ਅੱਗੇ ਲਈ ਵੀ ਆਉਂਦੇ ਰਹਾਂਗੇ ਕਿਉਂਕਿ ਰਾਜੇਵਾਲ ਖੇਤੀਬਾੜੀ ਨਾਲ ਸੰਬੰਧਿਤ ਵਿਸ਼ੇ ਦੇ ਗਿਆਨ ਦਾ ਖਜ਼ਾਨਾ ਹਨ। ਇਸ ਮੌਕੇ ਬਲਬੀਰ ਸਿੰਘ ਰਾਜੇਵਾਲ ਨੇ ਕਿਹਾ ਕਿ ਉਨ੍ਹਾਂ ਕੋਲ ਸਾਰੀਆਂ ਹੀ ਪਾਰਟੀਆਂ ਦੇ ਲੀਡਰ ਅਕਸਰ ਆਉਂਦੇ ਰਹਿੰਦੇ ਹਨ ਅਤੇ ਅੱਜ ਸੁਖਬੀਰ ਸਿੰਘ ਬਾਦਲ ਨਾਲ ਇਹ ਇਕ ਨਿੱਜੀ ਮਿਲਣੀ ਸੀ, ਜਿਸ ਵਿਚ ਕੋਈ ਰਾਜਨੀਤੀ ਬਾਰੇ ਚਰਚਾ ਨਹੀਂ ਹੋਈ ਹੈ। ਰਾਜੇਵਾਲ ਨੇ ਦੱਸਿਆ ਕਿ ਉਨ੍ਹਾਂ ਨੇ ਸ. ਬਾਦਲ ਨੂੰ ਕਿਹਾ ਹੈ ਕਿ ਪੰਜਾਬ ਇਸ ਵੇਲੇ ਗੰਭੀਰ ਸੰਕਟ ਵੱਲ ਵੱਧ ਰਿਹਾ ਹੈ ਅਤੇ ਹੜ੍ਹਾਂ ਤੋਂ ਬਾਅਦ ਝੋਨੇ ਦਾ ਘੱਟ ਨਿਕਲ ਰਿਹਾ ਝਾੜ ਤੇ ਅਜੇ ਵੀ ਬੇਮੌਸਮੀ ਮੀਂਹ ਦੇ ਬਣੇ ਡਰ ਨਾਲ ਪੰਜਾਬ ਦੀ ਆਰਥਿਕਤਾ ਬਰਬਾਦੀ ਦੇ ਕੰਢੇ ਜਾਣ ਦਾ ਖਦਸ਼ਾ ਬਣਿਆ ਹੋਇਆ ਹੈ। ਉਨ੍ਹਾਂ ਕਿਹਾ ਕਿ ਪੰਜਾਬ ਨੂੰ ਇਸ ਸਮੇਂ ਇਕ ਖੇਤਰੀ ਪਾਰਟੀ ਦੀ ਲੋੜ ਹੈ ਪਰ ਦੁੱਖ ਵਾਲੀ ਗੱਲ ਇਹ ਹੈ ਕਿ ਪੰਜਾਬ ਦੀ ਖੇਤਰੀ ਪਾਰਟੀ ਟੁੱਟ ਕੇ ਦੋ ਗਰੁੱਪਾਂ ਵਿਚ ਵੰਡੀ ਗਈ ਹੈ। ਇਸ ਲਈ ਆਗੂਆਂ ਨੂੰ ਇਕੱਠੇ ਹੋਣ ਬਾਰੇ ਸੋਚਣਾ ਚਾਹੀਦਾ ਹੈ।