ਭਾਰਤ ਦਾ ਆਸਟ੍ਰੇਲੀਆ ਦੌਰਾ: ਅਜੀਤ ਅਗਰਕਰ ਦੀ ਅਗਵਾਈ ਹੇਠ ਅੱਜ ਹੋ ਸਕਦੀ ਹੈ ਚੋਣ ਕਮੇਟੀ ਦੀ ਮੀਟਿੰਗ

ਬੈਂਗਲੁਰੂ, 4 ਅਕਤੂਬਤਰ- ਇਸ ਮਹੀਨੇ ਆਸਟ੍ਰੇਲੀਆ ਵਿਰੁੱਧ ਹੋਣ ਵਾਲੀ ਸੀਮਤ ਓਵਰਾਂ ਦੀ ਲੜੀ ਲਈ ਅਜੀਤ ਅਗਰਕਰ ਦੀ ਅਗਵਾਈ ਵਾਲੀ ਚੋਣ ਕਮੇਟੀ ਦੀ ਅੱਜ ਮੀਟਿੰਗ ਹੋਣ ਦੀ ਉਮੀਦ ਹੈ। ਪਹਿਲੀ ਵਾਰ ਆਰ.ਪੀ. ਸਿੰਘ ਅਤੇ ਪ੍ਰਗਿਆਨ ਓਝਾ ਵੀ ਕਮੇਟੀ ਦਾ ਹਿੱਸਾ ਹਨ। ਮੀਟਿੰਗ ਦਾ ਏਜੰਡਾ ਆਸਟ੍ਰੇਲੀਆ ਲਈ ਇਕ ਦਿਨਾਂ ਅਤੇ ਟੀ-20 ਟੀਮ ਦੀ ਚੋਣ ਕਰਨਾ ਹੈ, ਪਰ ਇਹ ਦੇਖਣਾ ਦਿਲਚਸਪ ਹੋਵੇਗਾ ਕਿ ਟੀਮਾਂ ਦਾ ਐਲਾਨ ਕਦੋਂ ਹੁੰਦਾ ਹੈ।
ਜਾਣਕਾਰੀ ਅਨੁਸਾਰ ਚੋਣਕਾਰ ਵੈਸਟ ਇੰਡੀਜ਼ ਵਿਰੁੱਧ ਚੱਲ ਰਹੇ ਪਹਿਲੇ ਟੈਸਟ ਦੌਰਾਨ ਇਕ ਦਿਨਾਂ ਟੀਮ ਦੀ ਚੋਣ ਕਰਨਗੇ, ਪਰ ਐਲਾਨ ਮੈਚ ਤੋਂ ਬਾਅਦ ਹੋ ਸਕਦਾ ਹੈ। ਸੂਤਰਾਂ ਅਨੁਸਾਰ ਰੋਹਿਤ ਸ਼ਰਮਾ ਅਤੇ ਵਿਰਾਟ ਕੋਹਲੀ ਇਕ ਦਿਨਾਂ ਟੀਮ ਵਿਚ ਵਾਪਸੀ ਕਰ ਸਕਦੇ ਹਨ। ਰੋਹਿਤ ਅਤੇ ਕੋਹਲੀ ਆਖਰੀ ਵਾਰ ਭਾਰਤ ਲਈ ਚੈਂਪੀਅਨਜ਼ ਟਰਾਫ਼ੀ ਦੇ ਫਾਈਨਲ ਵਿਚ ਖੇਡੇ ਸਨ। ਦੋਵੇਂ ਖਿਡਾਰੀ ਟੀ 20 ਅੰਤਰਰਾਸ਼ਟਰੀ ਅਤੇ ਟੈਸਟ ਤੋਂ ਸੰਨਿਆਸ ਲੈ ਚੁੱਕੇ ਹਨ ਅਤੇ ਹੁਣ ਸਿਰਫ਼ ਵਨ ਡੇ ਖੇਡਦੇ ਹਨ।
ਭਾਰਤ ਦਾ ਆਸਟ੍ਰੇਲੀਆ ਦੌਰਾ 19 ਅਕਤੂਬਰ ਨੂੰ ਪਹਿਲੇ ਇਕ ਦਿਨਾ ਮੈਚ ਨਾਲ ਸ਼ੁਰੂ ਹੋਵੇਗਾ। ਲੜੀ ਦੇ ਅਗਲੇ ਦੋ ਮੈਚ 23 ਅਤੇ 25 ਅਕਤੂਬਰ ਨੂੰ ਖੇਡੇ ਜਾਣਗੇ। ਇਸ ਤੋਂ ਬਾਅਦ 29 ਅਕਤੂਬਰ ਤੋਂ 8 ਨਵੰਬਰ ਤੱਕ ਪੰਜ ਮੈਚਾਂ ਦੀ ਟੀ-20 ਲੜੀ ਹੋਵੇਗੀ। ਚੋਣ ਕਮੇਟੀ ਦੀ ਮੀਟਿੰਗ ਵਿਚ ਰੋਹਿਤ ਅਤੇ ਕੋਹਲੀ ਦੀ ਵਾਪਸੀ ਦੇ ਨਾਲ-ਨਾਲ ਤਿੰਨੋਂ ਫਾਰਮੈਟਾਂ ਵਿਚ ਖੇਡਣ ਵਾਲੇ ਖਿਡਾਰੀਆਂ ਲਈ ਕੰਮ ਦੇ ਪ੍ਰਬੰਧਨ ’ਤੇ ਚਰਚਾ ਹੋਣ ਦੀ ਸੰਭਾਵਨਾ ਹੈ।