JALANDHAR WEATHER

ਐਨ.ਆਈ.ਏ. ਨੇ ਬੀ.ਕੇ.ਆਈ. ਨਾਲ ਜੁੜੇ ਚੰਡੀਗੜ੍ਹ ਗ੍ਰਨੇਡ ਹਮਲੇ ਦੇ ਮੁੱਖ ਮੁਲਜ਼ਮ ਵਿਰੁੱਧ ਚਾਰਜਸ਼ੀਟ ਕੀਤੀ ਦਾਖ਼ਲ

ਨਵੀਂ ਦਿੱਲੀ, 4 ਅਕਤੂਬਰ- ਰਾਸ਼ਟਰੀ ਜਾਂਚ ਏਜੰਸੀ (ਐਨ.ਆਈ.ਏ.) ਨੇ ਚੰਡੀਗੜ੍ਹ ਸੈਕਟਰ 10 ਗ੍ਰਨੇਡ ਹਮਲੇ ਦੇ ਮੁੱਖ ਮੁਲਜ਼ਮ ਵਿਰੁੱਧ ਚਾਰਜਸ਼ੀਟ ਦਾਖ਼ਲ ਕੀਤੀ ਹੈ, ਜਿਸ ਦਾ ਮਾਸਟਰਮਾਈਂਡ ਵਿਦੇਸ਼ੀ ਬੱਬਰ ਖਾਲਸਾ ਇੰਟਰਨੈਸ਼ਨਲ (ਬੀ.ਕੇ.ਆਈ.) ਦੇ ਅੱਤਵਾਦੀ ਹੈ। ਅੱਜ ਜਾਰੀ ਇਕ ਅਧਿਕਾਰਤ ਬਿਆਨ ਵਿਚ ਇਹ ਜਾਣਕਾਰੀ ਦਿੱਤੀ ਗਈ।

ਇਸ ਹਮਲੇ ਵਿਚ ਸ਼ਾਮਿਲ ਹੋਣ ਦੇ ਦੋਸ਼ ਵਿਚ ਇਸ ਸਾਲ ਅਪ੍ਰੈਲ ਵਿਚ ਗ੍ਰਿਫ਼ਤਾਰ ਕੀਤੇ ਗਏ ਪੰਜਾਬ ਨਿਵਾਸੀ ਅਭਿਜੋਤ ਸਿੰਘ ਉਰਫ਼ ਬੱਬਾ ਉਰਫ਼ ਗੋਪੀ ਨੂੰ ਸ਼ੁੱਕਰਵਾਰ ਨੂੰ ਚੰਡੀਗੜ੍ਹ ਦੀ ਇਕ ਵਿਸ਼ੇਸ਼ ਐਨ.ਆਈ.ਏ. ਅਦਾਲਤ ਵਿਚ ਦਾਇਰ ਪੂਰਕ ਚਾਰਜਸ਼ੀਟ ਵਿਚ ਦੋਸ਼ ਲਗਾਏ ਗਏ ਹਨ। ਜਾਂਚ ਏਜੰਸੀ ਵਲੋਂ ਜਾਰੀ ਬਿਆਨ ਵਿਚ ਕਿਹਾ ਗਿਆ ਹੈ ਕਿ ਇਹ ਹਮਲਾ, ਜਿਸ ਵਿਚ ਇਕ ਸੇਵਾਮੁਕਤ ਪੰਜਾਬ ਪੁਲਿਸ ਅਧਿਕਾਰੀ ਨੂੰ ਨਿਸ਼ਾਨਾ ਬਣਾਇਆ ਗਿਆ ਸੀ, ਸਮਾਜ ਵਿਚ ਡਰ ਫੈਲਾਉਣ ਦੀ ਸਾਜ਼ਿਸ਼ ਦਾ ਹਿੱਸਾ ਸੀ।
ਇਸ ਸਾਜ਼ਿਸ਼ ਨੂੰ ਪਾਕਿਸਤਾਨ ਸਥਿਤ ਬੀ.ਕੇ.ਆਈ. ਅੱਤਵਾਦੀ ਹਰਵਿੰਦਰ ਸਿੰਘ ਉਰਫ਼ ਰਿੰਦਾ ਨੇ ਅਮਰੀਕਾ ਸਥਿਤ ਗੈਂਗਸਟਰ ਹੈਪੀ ਪਾਸੀਆ ਨਾਲ ਮਿਲ ਕੇ ਰਚਿਆ ਸੀ।

ਐਨ.ਆਈ.ਏ. ਜਾਂਚ ਦੇ ਅਨੁਸਾਰ ਪਾਸੀਆ ਭਰਤੀ ਅਤੇ ਫੰਡਿੰਗ ਲਈ ਜ਼ਿੰਮੇਵਾਰ ਸੀ ਅਤੇ ਭਾਰਤ ਸਥਿਤ ਕਾਰਕੁੰਨਾਂ ਨੂੰ ਹਥਿਆਰ ਅਤੇ ਵਿਸਫੋਟਕ ਪ੍ਰਦਾਨ ਕਰਨ ਲਈ ਜ਼ਿੰਮੇਵਾਰ ਸੀ। ਪਿਛਲੇ ਸਾਲ ਮਾਰਚ ਵਿਚ ਦੋ ਗ੍ਰਿਫ਼ਤਾਰ ਮੁਲਜ਼ਮਾਂ ਰੋਹਨ ਮਸੀਹ ਅਤੇ ਵਿਸ਼ਾਲ ਮਸੀਹ ਦੇ ਨਾਲ, ਰਿੰਦਾ ਅਤੇ ਪਾਸੀਆ ਦੋਵਾਂ ਨੂੰ ਭਗੌੜੇ ਵਜੋਂ ਚਾਰਜਸ਼ੀਟ ਕੀਤਾ ਗਿਆ ਸੀ। ਜਾਂਚ ਦੌਰਾਨ ਐਨ.ਆਈ.ਏ. ਨੇ ਅਭਿਜੋਤ ਨੂੰ ਮਾਮਲੇ ਵਿਚ ਇਕ ਸਹਿ-ਸਾਜ਼ਿਸ਼ਕਰਤਾ ਵਜੋਂ ਪਛਾਣਿਆ, ਜਿਸ ਕਾਰਨ ਉਸ ਦੀ ਗ੍ਰਿਫਤਾਰੀ ਹੋਈ।

ਜਾਂਚ ਤੋਂ ਪਤਾ ਲੱਗਾ ਹੈ ਕਿ ਅਭਿਜੋਤ ਦਸੰਬਰ 2023 ਵਿਚ ਅਰਮੀਨੀਆ ਗਿਆ ਸੀ, ਜਿਥੇ ਉਹ ਪਾਸੀਆ ਦੇ ਅੱਤਵਾਦੀ ਨੋਡ ਸ਼ਮਸ਼ੇਰ ਸ਼ੇਰਾ ਦੇ ਸੰਪਰਕ ਵਿਚ ਆਇਆ ਸੀ। ਸ਼ੇਰਾ ਨੇ ਅਭਿਜੋਤ ਨੂੰ ਪਾਸੀਆ ਦੇ ਅੱਤਵਾਦੀ ਗਰੋਹ ਵਿਚ ਭਰਤੀ ਕੀਤਾ ਸੀ।

ਪਿਛਲੇ ਸਾਲ ਦੇ ਅੱਧ ਵਿਚ ਭਾਰਤ ਵਾਪਸ ਆਉਣ ਤੋਂ ਬਾਅਦ, ਅਭਿਜੋਤ ਨੇ ਜੁਲਾਈ 2024 ਵਿਚ ਨਿਸ਼ਾਨੇ ਦੀ ਰੇਕੀ ਕੀਤੀ ਅਤੇ ਰੋਹਨ ਨਾਲ ਮਿਲ ਕੇ ਅਗਸਤ 2024 ਵਿਚ ਸੇਵਾਮੁਕਤ ਅਧਿਕਾਰੀ ਨੂੰ ਮਾਰਨ ਦੀ ਕੋਸ਼ਿਸ਼ ਕੀਤੀ। ਏਜੰਸੀ ਨੇ ਕਿਹਾ ਕਿ ਉਸ ਨੂੰ ਇਸ ਕੰਮ ਲਈ ਵਿਦੇਸ਼ੀ-ਅਧਾਰਤ ਬੀ.ਕੇ.ਆਈ. ਹੈਂਡਲਰਾਂ ਤੋਂ ਫੰਡ ਪ੍ਰਾਪਤ ਹੋਏ ਸਨ। ਇਸ ਤੋਂ ਬਾਅਦ ਸਤੰਬਰ 2024 ਵਿਚ ਰੋਹਨ ਅਤੇ ਵਿਸ਼ਾਲ ਨੇ ਗ੍ਰਨੇਡ ਹਮਲਾ ਕੀਤਾ।

ਬਿਆਨ ਵਿੱਚ ਕਿਹਾ ਗਿਆ ਹੈ ਕਿ ਐਨ.ਆਈ.ਏ. ਸਾਜ਼ਿਸ਼ ਦੇ ਹਿੱਸੇ ਵਜੋਂ ਫੀਲਡ ਆਪਰੇਟਿਵਾਂ ਨੂੰ ਲੌਜਿਸਟਿਕਲ ਸਹਾਇਤਾ ਅਤੇ ਅੱਤਵਾਦੀ ਹਾਰਡਵੇਅਰ ਪ੍ਰਦਾਨ ਕਰਨ ਵਿਚ ਸ਼ਾਮਿਲ ਹੋਰ ਮੁਲਜ਼ਮਾਂ ਅਤੇ ਸਹਿਯੋਗੀਆਂ ਦਾ ਪਤਾ ਲਗਾਉਣ ਲਈ ਆਪਣੀਆਂ ਕੋਸ਼ਿਸ਼ਾਂ ਜਾਰੀ ਰੱਖ ਰਹੀ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ