ਅੱਜ ਦਾ ਭਾਰਤ ਹੁਨਰ ਨੂੰ ਦਿੰਦਾ ਹੈ ਪਹਿਲ- ਪ੍ਰਧਾਨ ਮੰਤਰੀ ਮੋਦੀ

ਨਵੀਂ ਦਿੱਲੀ, 4 ਅਕਤੂਬਰ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਵਿਗਿਆਨ ਭਵਨ ਵਿਖੇ ਆਈ.ਟੀ.ਆਈ. (ਇੰਡਸਟਰੀਅਲ ਟ੍ਰੇਨਿੰਗ ਇੰਸਟੀਚਿਊਟ) ਦੇ ਟਾਪਰਾਂ ਨੂੰ ਸਨਮਾਨਿਤ ਕੀਤਾ। ਪ੍ਰਧਾਨ ਮੰਤਰੀ ਨੇ ਸਕਿੱਲ ਕਨਵੋਕੇਸ਼ਨ 2025 ਦੌਰਾਨ 62,000 ਕਰੋੜ ਰੁਪਏ ਤੋਂ ਵੱਧ ਦੀਆਂ ਵੱਖ-ਵੱਖ ਯੁਵਾ-ਕੇਂਦ੍ਰਿਤ ਪਹਿਲਕਦਮੀਆਂ ਦਾ ਉਦਘਾਟਨ ਵੀ ਕੀਤਾ। ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਵੀ ਪਟਨਾ ਤੋਂ ਵੀਡੀਓ ਕਾਨਫ਼ਰੰਸਿੰਗ ਰਾਹੀਂ ਇਸ ਸਮਾਗਮ ਵਿਚ ਸ਼ਾਮਿਲ ਹੋਏ।
ਇਸ ਸਮਾਗਮ ਨੂੰ ਸੰਬੋਧਨ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ ਕਿ ਕੁਝ ਸਾਲ ਪਹਿਲਾਂ ਸਾਡੀ ਸਰਕਾਰ ਨੇ ਆਈ.ਟੀ.ਆਈ. ਵਿਦਿਆਰਥੀਆਂ ਲਈ ਵੱਡੇ ਪੱਧਰ ’ਤੇ ਕਨਵੋਕੇਸ਼ਨ ਆਯੋਜਿਤ ਕਰਨ ਦੀ ਇਕ ਨਵੀਂ ਪਰੰਪਰਾ ਸ਼ੁਰੂ ਕੀਤੀ ਸੀ। ਅੱਜ ਅਸੀਂ ਸਾਰੇ ਇਸ ਪਰੰਪਰਾ ਦੇ ਇਕ ਹੋਰ ਅਧਿਆਏ ਦੇ ਗਵਾਹ ਹਾਂ। ਮੈਂ ਭਾਰਤ ਦੇ ਹਰ ਕੋਨੇ ਤੋਂ ਸਾਡੇ ਨਾਲ ਜੁੜ ਸਾਰੇ ਨੌਜਵਾਨ ਆਈ.ਟੀ.ਆਈ. ਵਿਦਿਆਰਥੀਆਂ ਨੂੰ ਆਪਣੀਆਂ ਸ਼ੁਭਕਾਮਨਾਵਾਂ ਦਿੰਦਾ ਹਾਂ। ਇਹ ਸਮਾਰੋਹ ਅੱਜ ਦੇ ਭਾਰਤ ਦੁਆਰਾ ਹੁਨਰਾਂ ਨੂੰ ਦਿੱਤੀ ਜਾਣ ਵਾਲੀ ਤਰਜੀਹ ਦਾ ਪ੍ਰਤੀਕ ਹੈ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਬਿਹਾਰ ਦੇ ਹਜ਼ਾਰਾਂ ਨੌਜਵਾਨ ਇਸ ਪ੍ਰੋਗਰਾਮ ਰਾਹੀਂ ਸਾਡੇ ਨਾਲ ਸ਼ਾਮਿਲ ਹੋਏ ਹਨ। ਇਸ ਪੀੜ੍ਹੀ ਨੂੰ ਸ਼ਾਇਦ ਇਹ ਨਹੀਂ ਪਤਾ ਹੋਵੇਗਾ ਕਿ ਢਾਈ ਦਹਾਕੇ ਪਹਿਲਾਂ ਬਿਹਾਰ ਦੀ ਸਿੱਖਿਆ ਪ੍ਰਣਾਲੀ ਕਿੰਨੀ ਖਰਾਬ ਸੀ। ਸਕੂਲ ਇਮਾਨਦਾਰੀ ਨਾਲ ਨਹੀਂ ਖੁੱਲ੍ਹੇ ਸਨ, ਨਾ ਹੀ ਭਰਤੀਆਂ ਕੀਤੀਆਂ ਜਾਂਦੀਆਂ ਸਨ। ਕਿਹੜਾ ਮਾਂ ਬਾਪ ਨਹੀਂ ਚਾਹੁੰਣਗੇ ਕਿ ਉਨ੍ਹਾਂ ਦਾ ਬੱਚਾ ਇੱਥੇ ਪੜ੍ਹੇ ਅਤੇ ਤਰੱਕੀ ਕਰੇ? ਪਰ ਮਜਬੂਰੀ ਕਾਰਨ ਲੱਖਾਂ ਬੱਚਿਆਂ ਨੂੰ ਬਿਹਾਰ ਛੱਡ ਕੇ ਵਾਰਾਣਸੀ, ਦਿੱਲੀ ਅਤੇ ਮੁੰਬਈ ਜਾਣ ਲਈ ਮਜਬੂਰ ਹੋਣਾ ਪਿਆ। ਇਹ ਹੀ ਉਹ ਥਾਂ ਹੈ ਜਿੱਥੇ ਅਸਲ ਪ੍ਰਵਾਸ ਸ਼ੁਰੂ ਹੋਇਆ, ਖੁਸ਼ਕਿਸਮਤੀ ਨਾਲ, ਬਿਹਾਰ ਦੇ ਲੋਕਾਂ ਨੇ ਨਿਤੀਸ਼ ਕੁਮਾਰ ਨੂੰ ਸਰਕਾਰ ਦੀ ਜ਼ਿੰਮੇਵਾਰੀ ਸੌਂਪੀ ਅਤੇ ਅਸੀਂ ਸਾਰੇ ਗਵਾਹ ਹਾਂ ਕਿ ਕਿਵੇਂ ਪੂਰੀ ਐਨ.ਡੀ.ਏ. ਟੀਮ ਨੇ ਮਿਲ ਕੇ ਟੁੱਟੇ ਹੋਏ ਸਿਸਟਮ ਨੂੰ ਵਾਪਸ ਪਟੜੀ ’ਤੇ ਲਿਆਂਦਾ। ਮੈਨੂੰ ਖੁਸ਼ੀ ਹੈ ਕਿ ਅੱਜ ਦੇ ਹੁਨਰ ਕਨਵੋਕੇਸ਼ਨ ਵਿਚ ਬਿਹਾਰ ਨੂੰ ਇਕ ਕੌਸ਼ਲ ਯੂਨੀਵਰਸਿਟੀ ਮਿਲੀ ਹੈ। ਨਿਤੀਸ਼ ਕੁਮਾਰ ਦੀ ਸਰਕਾਰ ਨੇ ਇਸ ਯੂਨੀਵਰਸਿਟੀ ਦਾ ਨਾਮ ਭਾਰਤ ਰਤਨ ਕਰਪੁਰੀ ਠਾਕੁਰ ਦੇ ਨਾਮ ’ਤੇ ਰੱਖਿਆ ਹੈ।