ਅਦਾਕਾਰਾ ਰਸ਼ਮੀਕਾ ਮੰਦਾਨਾ ਤੇ ਅਦਾਕਾਰ ਵਿਜੇ ਦੇਵਰਕੋਂਡਾ ਦੀ ਹੋਈ ਮੰਗਣੀ- ਸੂਤਰ

ਮੁੰਬਈ, 4 ਅਕਤੂਬਰ- ਸੂਤਰਾਂ ਦੇ ਹਵਾਲੇ ਤੋਂ ਮਿਲੀ ਜਾਣਕਾਰੀ ਅਨੁਸਾਰ ਅਦਾਕਾਰਾ ਰਸ਼ਮੀਕਾ ਮੰਦਾਨਾ ਅਤੇ ਅਦਾਕਾਰ ਵਿਜੇ ਦੇਵਰਕੋਂਡਾ ਦੀ ਮੰਗਣੀ ਹੋ ਗਈ ਹੈ। ਹਾਲਾਂਕਿ ਨਾ ਤਾਂ ਅਦਾਕਾਰਾ ਅਤੇ ਨਾ ਹੀ ਅਦਾਕਾਰ ਨੇ ਅਜੇ ਤੱਕ ਇਸ ਖ਼ਬਰ ਦਾ ਜਵਾਬ ਦਿੱਤਾ ਹੈ ਅਤੇ ਨਾ ਹੀ ਇਸ ਦੀ ਅਧਿਕਾਰਤ ਤੌਰ ’ਤੇ ਪੁਸ਼ਟੀ ਕੀਤੀ ਗਈ ਹੈ। ਸੂਤਰਾਂ ਨੇ ਦਾਅਵਾ ਕੀਤਾ ਕਿ ਮੰਗਣੀ ਦੋਵਾਂ ਪਰਿਵਾਰਾਂ ਅਤੇ ਅਦਾਕਾਰਾਂ ਦੇ ਸਿਰਫ਼ ਨਜ਼ਦੀਕੀ ਦੋਸਤਾਂ ਦੀ ਮੌਜੂਦਗੀ ਵਿਚ ਹੋਈ ਸੀ। ਵਿਜੇ ਅਤੇ ਰਸ਼ਮੀਕਾ ਲੰਬੇ ਸਮੇਂ ਤੋਂ ਨੇੜਲੇ ਦੋਸਤ ਹਨ। ਹਾਲਾਂਕਿ ਉਨ੍ਹਾਂ ਨੇ ਕਦੇ ਵੀ ਅਧਿਕਾਰਤ ਤੌਰ ’ਤੇ ਆਪਣੇ ਰਿਸ਼ਤੇ ਨੂੰ ਸਵੀਕਾਰ ਨਹੀਂ ਕੀਤਾ ਹੈ ਅਤੇ ਨਾ ਹੀ ਇਸ ਬਾਰੇ ਜਨਤਕ ਤੌਰ ’ਤੇ ਗੱਲ ਕੀਤੀ ਹੈ।
ਜੋੜੇ ਦੇ ਨਜ਼ਦੀਕੀ ਸੂਤਰਾਂ ਅਨੁਸਾਰ ਉਹ ਅਗਲੇ ਸਾਲ ਫਰਵਰੀ ਵਿਚ ਵਿਆਹ ਕਰ ਸਕਦੇ ਹਨ। ਜਲਦੀ ਹੀ ਇਸ ਬਾਰੇ ਅਧਿਕਾਰਤ ਐਲਾਨ ਹੋਣ ਦੀ ਉਮੀਦ ਹੈ।
ਰਸ਼ਮੀਕਾ ਮੰਦਾਨਾ ਨੇ ਆਪਣੇ ਅਦਾਕਾਰੀ ਕਰੀਅਰ ਦੀ ਸ਼ੁਰੂਆਤ 2016 ਵਿਚ ਕੰਨੜ ਫ਼ਿਲਮ ‘ਕਿਰਿਕ ਪਾਰਟੀ’ ਨਾਲ ਕੀਤੀ ਸੀ, ਜੋ ਕਿ ਬਾਕਸ ਆਫ਼ਿਸ ’ਤੇ ਹਿੱਟ ਰਹੀ ਸੀ। ਉਹ ਬਾਅਦ ਵਿਚ ‘ਅੰਜਨੀ ਪੁੱਤਰ’ ਅਤੇ ‘ਚਮਕ’ ਵਰਗੀਆਂ ਫ਼ਿਲਮਾਂ ਵਿਚ ਨਜ਼ਰ ਆਈ ਸੀ। 2018 ਵਿਚ ਉਸ ਨੇ ਤੇਲਗੂ ਫਿਲਮ ‘ਚਲੋ’ ਨਾਲ ਆਪਣੀ ਤੇਲਗੂ ਸ਼ੁਰੂਆਤ ਕੀਤੀ, ਜੋ ਕਿ ਇੱਕ ਹਿੱਟ ਰਹੀ। ਉਸ ਨੇ ਉਸੇ ਸਾਲ ਰਿਲੀਜ਼ ਹੋਈ ‘ਗੀਤਾ ਗੋਵਿੰਦਮ’ ਨਾਲ ਵਧੇਰੇ ਪ੍ਰਸਿੱਧੀ ਪ੍ਰਾਪਤ ਕੀਤੀ।