ਮੀਂਹ ਨਾਲ ਮੰਡੀਆਂ 'ਚ ਆਇਆ ਝੋਨਾ ਭਿੱਜਿਆ

ਕਟਾਰੀਆਂ, 7 ਅਕਤੂਬਰ (ਪ੍ਰੇਮੀ ਸੰਧਵਾਂ)-ਨਵਾਂਸ਼ਹਿਰ ਅਧੀਨ ਪੈਂਦੀ ਦਾਣਾ ਮੰਡੀ ਕਟਾਰੀਆਂ ਤੇ ਮਕਸੂਦਪੁਰ-ਸੂੰਢ ਦੀ ਦਾਣਾ ਮੰਡੀ ਵਿਚ ਪੁਖਤਾ ਪ੍ਰਬੰਧ ਨਾ ਹੋਣ ਕਾਰਨ ਕਿਸਾਨਾਂ ਵਲੋਂ ਮੰਡੀ ਵਿਚ ਲਿਆਂਦਾ ਝੋਨਾ ਮੀਂਹ ਨਾਲ ਭਿੱਜਦਾ ਰਿਹਾ ਪਰ ਇਸ ਦੇ ਬਾਵਜੂਦ ਵੀ ਕਿਸਾਨਾਂ ਨੇ ਕਿਹਾ ਕਿ ਕੋਈ ਵੀ ਸਰਕਾਰੀ ਖਰੀਦ ਏਜੰਸੀ ਦਾ ਅਧਿਕਾਰੀ ਨਜ਼ਰ ਨਹੀਂ ਆਇਆ। ਕਮਲਜੀਤ ਬੰਗਾ, ਬਲਦੇਵ ਸਿੰਘ ਮਕਸੂਦਪੁਰ-ਸੂੰਢ, ਸੰਦੀਪ ਸਿੰਘ ਲਾਲੀ ਗਦਾਣੀ, ਹਰਵਿੰਦਰ ਸਿੰਘ ਬੋਇਲ ਅਤੇ ਪ੍ਰਵਾਸੀ ਭਾਰਤੀ ਤੇ ਕਿਸਾਨ ਯੂਨੀਅਨ ਹਲਕਾ ਬੰਗਾ ਦੇ ਪ੍ਰਧਾਨ ਨਿਰਮਲ ਸਿੰਘ ਸੰਧੂ ਅਤੇ ਠੇਕੇਦਾਰ ਸੁਰਜੀਤ ਸਿੰਘ ਸੰਧੂ ਆਦਿ ਕਿਸਾਨ ਆਗੂਆਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਬੇਮੌਸਮੇ ਮੀਂਹ ਨਾਲ ਕਿਸਾਨਾਂ ਦੀਆਂ ਫਸਲਾਂ ਦੇ ਹੋਏ ਨੁਕਸਾਨ ਦਾ ਤੁਰੰਤ ਮੁਆਵਜ਼ਾ ਦਿੱਤਾ ਜਾਵੇ।