ਕੇਂਦਰੀ ਰੇਲਵੇ ਤੇ ਜਲ ਸ਼ਕਤੀ ਰਾਜ ਮੰਤਰੀ ਵਲੋਂ ਅਜਨਾਲਾ ਤੇ ਰਾਜਾਸਾਂਸੀ ਦੇ ਹੜ੍ਹ ਪ੍ਰਭਾਵਿਤ ਖੇਤਰਾਂ ਦਾ ਦੌਰਾ

ਅਜਨਾਲਾ, 8 ਅਕਤੂਬਰ (ਗੁਰਪ੍ਰੀਤ ਸਿੰਘ ਢਿੱਲੋਂ)-ਕੇਂਦਰੀ ਰੇਲਵੇ ਅਤੇ ਜਲ ਸ਼ਕਤੀ ਰਾਜ ਮੰਤਰੀ ਵੀ ਸੋਮੰਨਾ ਨੇ ਅੱਜ ਸਰਹੱਦੀ ਵਿਧਾਨ ਸਭਾ ਹਲਕਾ ਅਜਨਾਲਾ ਅਤੇ ਰਾਜਾਸਾਂਸੀ ਦੇ ਹੜ੍ਹ ਪ੍ਰਭਾਵਿਤ ਪਿੰਡਾਂ ਦਾ ਦੌਰਾ ਕਰਦਿਆਂ ਹੜ੍ਹਾਂ ਨਾਲ ਨੁਕਸਾਨੀਆਂ ਫ਼ਸਲਾਂ ਦਾ ਜਾਇਜ਼ਾ ਲਿਆ ਅਤੇ ਹੜ੍ਹ ਪੀੜਤ ਲੋਕਾਂ ਨਾਲ ਮੁਲਾਕਾਤ ਕਰਕੇ ਉਨ੍ਹਾਂ ਨੂੰ ਵਿਸ਼ਵਾਸ ਦਿਵਾਇਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਵਲੋਂ ਹਰ ਸੰਭਵ ਮਦਦ ਕੀਤੀ ਜਾਵੇਗੀ। ਇਸ ਮੌਕੇ ਭਾਜਪਾ ਓ.ਬੀ.ਸੀ. ਮੋਰਚਾ ਦੇ ਸੂਬਾ, ਜ਼ਿਲ੍ਹਾ ਅੰਮ੍ਰਿਤਸਰ ਦਿਹਾਤੀ ਇਕ ਦੇ ਪ੍ਰਧਾਨ ਤੇ ਸਾਬਕਾ ਵਿਧਾਇਕ ਬੋਨੀ ਅਮਰਪਾਲ ਸਿੰਘ ਅਜਨਾਲਾ ਅਤੇ ਹਲਕਾ ਰਾਜਾਸਾਂਸੀ ਦੇ ਇੰਚਾਰਜ ਮੁਖਵਿੰਦਰ ਸਿੰਘ ਮਾਹਲ ਵੀ ਉਨ੍ਹਾਂ ਨਾਲ ਸਨ।
ਇਸ ਦੌਰਾਨ 'ਅਜੀਤ' ਨਾਲ ਗੱਲਬਾਤ ਕਰਦਿਆਂ ਕੇਂਦਰੀ ਰਾਜ ਮੰਤਰੀ ਵੀ ਸੋਮੰਨਾ ਨੇ ਕਿਹਾ ਕਿ ਪਿਛਲੇ ਮਹੀਨੇ ਪੰਜਾਬ ਵਿਚ ਆਏ ਹੜ੍ਹਾਂ ਨਾਲ ਕਿਸਾਨਾਂ ਤੇ ਆਮ ਲੋਕਾਂ ਦਾ ਜੋ ਨੁਕਸਾਨ ਹੋਇਆ ਹੈ, ਉਹ ਮੈਂ ਹੁਣ ਤੱਕ ਕਦੇ ਵੀ ਨਹੀਂ ਵੇਖਿਆ। ਉਨ੍ਹਾਂ ਦੱਸਿਆ ਕਿ ਪ੍ਰਧਾਨ ਨਰਿੰਦਰ ਮੋਦੀ ਵਲੋਂ ਹੜ੍ਹਾਂ ਦੌਰਾਨ ਪੰਜਾਬ ਦਾ ਦੌਰਾ ਕਰਨ ਦੇ ਤੁਰੰਤ ਬਾਅਦ 1600 ਕਰੋੜ ਰੁਪਏ ਰਾਹਤ ਰਾਸ਼ੀ ਜਾਰੀ ਕਰ ਦਿੱਤੀ ਗਈ ਸੀ। ਉਨ੍ਹਾਂ ਕਿਹਾ ਕਿ ਰਾਜ ਸਰਕਾਰ ਕੋਲ ਐੱਸ.ਡੀ.ਆਰ.ਐਫ. ਦਾ 12589 ਕਰੋੜ ਰੁਪਏ ਮੌਜੂਦ ਹੈ ਜਦਕਿ ਪੰਜਾਬ ਸਰਕਾਰ ਵਲੋਂ ਹੜ੍ਹਾਂ ਨਾਲ 13289 ਕਰੋੜ ਰੁਪਏ ਦੇ ਨੁਕਸਾਨ ਦੀ ਰਿਪੋਰਟ ਕੇਂਦਰ ਸਰਕਾਰ ਨੂੰ ਦਿੱਤੀ ਗਈ ਹੈ। ਉਨ੍ਹਾਂ ਦੱਸਿਆ ਕਿ ਰਾਜ ਸਰਕਾਰ ਕੋਲ ਪਏ ਪੈਸਿਆਂ ਤੋਂ ਇਲਾਵਾ ਮੋਦੀ ਸਰਕਾਰ ਵਲੋਂ ਜੋ 1600 ਕਰੋੜ ਰੁਪਏ ਰਾਸ਼ੀ ਦਿੱਤੀ ਗਈ ਸੀ, ਦੋਵਾਂ ਨੂੰ ਮਿਲਾ ਕੇ ਇਸ ਨੁਕਸਾਨ ਨੂੰ ਪੂਰਾ ਕੀਤਾ ਜਾ ਸਕਦਾ ਹੈ।