ਇਟਲੀ ਹਾਦਸੇ 'ਚ ਮਾਰੇ ਗਏ ਚਾਰ ਪੰਜਾਬੀ ਨੌਜਵਾਨਾਂ ਦੀਆਂ ਮ੍ਰਿਤਕ ਦੇਹਾਂ ਮੰਗਵਾਉਣ ਲਈ ਸੰਤ ਸੀਚੇਵਾਲ ਵਲੋਂ ਵਿਦੇਸ਼ ਮੰਤਰੀ ਤੱਕ ਪਹੁੰਚ

ਸੁਲਤਾਨਪੁਰ ਲੋਧੀ, 7 ਅਕਤੂਬਰ (ਥਿੰਦ)-ਇਟਲੀ ਵਿਚ ਵਾਪਰੇ ਇਕ ਸੜਕ ਹਾਦਸੇ ਦੌਰਾਨ ਚਾਰ ਪੰਜਾਬੀ ਨੌਜਵਾਨਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ ਸੀ। ਇਨ੍ਹਾਂ ਨੌਜਵਾਨਾਂ ਦੀਆਂ ਮ੍ਰਿਤਕ ਦੇਹਾਂ ਨੂੰ ਵਾਪਸ ਮੰਗਵਾਉਣ ਲਈ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਵਿਦੇਸ਼ ਮੰਤਰੀ ਐਸ. ਜੇ. ਸ਼ੰਕਰ ਤੱਕ ਪਹੁੰਚ ਕੀਤੀ ਹੈ। ਜ਼ਿਕਰਯੋਗ ਹੈ ਕਿ ਲੰਘੀ 5 ਅਕਤੂਬਰ ਨੂੰ ਇਟਲੀ ਵਿਚ ਇਕ ਕਾਰ ਤੇ ਟਰੱਕ ਵਿਚ ਭਿਆਨਕ ਟੱਕਰ ਹੋ ਗਈ ਸੀ। ਇਸ ਹਾਦਸੇ ਵਿਚ ਚਾਰ ਪੰਜਾਬੀਆਂ ਦੀ ਮੌਕੇ ‘ਤੇ ਹੀ ਮੌਤ ਹੋ ਗਈ ਸੀ। ਮ੍ਰਿਤਕਾਂ ਦੀ ਪਛਾਣ ਹਰਵਿੰਦਰ ਸਿੰਘ ਵਾਸੀ ਘੋੜਾਬਾਹੀ, ਸੁਰਜੀਤ ਸਿੰਘ ਵਾਸੀ ਪਿੰਡ ਮੇਦਾ, ਮਨੋਜ ਕੁਮਾਰ ਵਾਸੀ ਆਦਮਪੁਰ ਅਤੇ ਜਸਕਰਨ ਸਿੰਘ ਵਾਸੀ ਜ਼ਿਲ੍ਹਾ ਰੋਪੜ ਵਜੋਂ ਹੋਈ ਸੀ।
ਮ੍ਰਿਤਕ ਹਰਵਿੰਦਰ ਸਿੰਘ ਅਤੇ ਸੁਰਜੀਤ ਸਿੰਘ ਦੇ ਪਰਿਵਾਰਕ ਮੈਂਬਰਾਂ ਨੇ ਸੰਤ ਬਲਬੀਰ ਸਿੰਘ ਸੀਚੇਵਾਲ ਦੇ ਦਫ਼ਤਰ ਵਿਚ ਰਾਬਤਾ ਕਾਇਮ ਕੀਤਾ ਸੀ। ਇਸ ‘ਤੇ ਤੁਰੰਤ ਕਾਰਵਾਈ ਕਰਦਿਆਂ ਸੰਤ ਸੀਚੇਵਾਲ ਨੇ ਚਾਰੇ ਪੰਜਾਬੀ ਨੌਜਵਾਨਾਂ ਦੀਆਂ ਮ੍ਰਿਤਕ ਦੇਹਾਂ ਭਾਰਤ ਲਿਆਉਣ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਪਿੰਡ ਮੇਦਾ ਤੋਂ ਆਏ ਮੁਖਤਿਆਰ ਸਿੰਘ ਨੇ ਦੱਸਿਆ ਕਿ ਉਸ ਦਾ ਭਰਾ ਸੁਰਜੀਤ ਸਿੰਘ ਦਸੰਬਰ 2024 ਵਿਚ ਇਟਲੀ ਗਿਆ ਸੀ। ਅਜੇ ਉਸ ਨੂੰ ਗਏ ਨੂੰ 9 ਮਹੀਨੇ ਹੀ ਹੋਏ ਸਨ ਕਿ ਇਹ ਭਾਣਾ ਵਾਪਰ ਗਿਆ। ਉਨ੍ਹਾਂ ਕੋਲ ਜ਼ਮੀਨ ਸਿਰਫ ਤਿੰਨ ਏਕੜ ਹੀ ਹੈ ਤੇ ਉਹ ਤਿੰਨ ਭਰਾਵਾਂ ਦੇ ਹਿੱਸੇ ਇਕ-ਇਕ ਏਕੜ ਹੀ ਆਉਂਦੀ ਸੀ। ਉਹ ਛੋਟੇ ਕਿਸਾਨ ਹਨ ਤੇ ਇੰਨੀ ਘੱਟ ਅਮਦਨ ਵਿਚ ਉਨ੍ਹਾਂ ਦਾ ਗੁਜ਼ਾਰਾ ਔਖਾ ਸੀ। ਇਸੇ ਲਈ ਸੁਰਜੀਤ ਸਿੰਘ ਪਹਿਲਾਂ ਦੁਬਈ ਗਿਆ ਸੀ ਪਰ ਉਥੇ ਵੀ ਕੰਮ ਠੀਕ ਨਾ ਹੋਣ ਕਾਰਨ ਉਹ ਵਾਪਸ ਆ ਗਿਆ ਸੀ ਤੇ ਫਿਰ 9 ਮਹੀਨੇ ਪਹਿਲਾਂ ਇਟਲੀ ਚਲਾ ਗਿਆ ਸੀ। ਘੋੜਾਵਾਹੀ ਦੇ ਰਹਿਣ ਵਾਲੇ ਸੁਰਜੀਤ ਸਿੰਘ ਨੇ ਦੱਸਿਆ ਕਿ ਉਸ ਦਾ ਵੱਡੇ ਭਰਾ ਹਰਵਿੰਦਰ ਸਿੰਘ ਨੂੰ ਸਾਢੇ ਚਾਰ ਲੱਖ ਦਾ ਕਰਜ਼ਾ ਚੁੱਕ ਕੇ ਵਿਦੇਸ਼ ਭੇਜਿਆ ਸੀ ਤਾਂ ਜੋ ਘਰ ਦੀ ਗਰੀਬੀ ਚੁੱਕੀ ਜਾ ਸਕੇ। ਉਨ੍ਹਾਂ ਦੇ ਪਿਤਾ 6 ਸਾਲ ਤੋਂ ਕੈਂਸਰ ਨਾਲ ਪੀੜਤ ਹਨ। ਹਰਵਿੰਦਰ ਸਿੰਘ ਡੇਢ ਕੁ ਸਾਲ ਇਟਲੀ ਦੇ ਨਾਲ ਲੱਗਦੇ ਇਕ ਛੋਟੇ ਜਿਹੇ ਮੁਲਕ ਕੁਰੇਸ਼ੀਆ ਗਿਆ ਸੀ। ਜਿਥੇ ਉਹ ਫੜੇ ਜਾਣ ਦੇ ਡਰ ਤੋਂ ਡੌਂਕੀ ਰਾਹੀਂ ਇਟਲੀ ਪਹੁੰਚ ਗਿਆ ਸੀ। ਉਥੇ ਉਹ ਇਕ ਪਿੰਡ ਵਿਚ ਰਹਿੰਦਾ ਸੀ ਤੇ ਉਥੋਂ ਦੂਰ ਖੇਤਾਂ ਵਿਚ ਕੰਮ ਕਰਨ ਲਈ ਰੋਜ਼ਾਨਾ ਹੋਰ ਮੁੰਡਿਆਂ ਨਾਲ ਜਾਂਦਾ ਸੀ। ਜਿਥੇ ਉਹ ਬਰੌਕਲੀ ਤੋੜਨ ਦਾ ਕੰਮ ਕਰਦੇ ਸਨ। ਉਨ੍ਹਾਂ ਦੇ ਪਿਤਾ ਨੂੰ ਕੈਂਸਰ ਹੋਣ ਕਾਰਨ ਉਹ ਕੋਈ ਵੀ ਕੰਮ ਕਰਨ ਤੋਂ ਸਮਰੱਥ ਨਹੀਂ ਸੀ। ਇਸ ਲਈ ਹਰਵਿੰਦਰ ਹੀ ਘਰ ਦਾ ਕਮਾਊ ਪੁੱਤ ਸੀ। ਸੜਕ ਦੁਰਘਟਨਾ ਵਿਚ ਉਸ ਦੀ ਮੌਤ ਹੋਣ ਦੀ ਖ਼ਬਰ ਨੇ ਸਾਰੇ ਪਰਿਵਾਰ ਨੂੰ ਝੰਜੋੜ ਕੇ ਰੱਖ ਦਿੱਤਾ ਹੈ। ਉਨ੍ਹਾਂ ਨੇ ਲੰਘੀ ਰਾਤ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਦੇ ਦਫਤਰ ਰਾਬਤਾ ਕਾਇਮ ਕੀਤਾ ਸੀ ਤੇ ਹਰਵਿੰਦਰ ਸਿੰਘ ਦੀ ਮ੍ਰਿਤਕ ਦੇਹ ਵਾਪਸ ਮੰਗਵਾਉਣ ਲਈ ਕਿਹਾ ਸੀ।