ਕਿਸਾਨਾਂ ਵਲੋਂ ਦੇਸ਼ ਭਰ 'ਚ 26 ਨਵੰਬਰ ਨੂੰ ਸਟੇਟ ਪੱਧਰੀ ਅੰਦੋਲਨ ਦਾ ਐਲਾਨ
ਚੰਡੀਗੜ੍ਹ, 7 ਅਕਤੂਬਰ (ਅਜਾਇਬ)-ਚੰਡੀਗੜ੍ਹ ਵਿਚ ਕਿਸਾਨ ਭਵਨ ਵਿਖੇ ਸੰਯੁਕਤ ਕਿਸਾਨ ਮੋਰਚਾ ਦੇ ਨੈਸ਼ਨਲ ਆਗੂਆਂ ਦਰਮਿਆਨ ਹੋਈ ਮੀਟਿੰਗ ਵਿਚ ਸਰਕਾਰ ਅਤੇ ਕੇਂਦਰ ਸਰਕਾਰ ਵਲੋਂ ਕਿਸਾਨਾਂ ਦੀਆਂ ਮੰਗਾਂ ਪ੍ਰਤੀ ਅਣਦੇਖੀ ਦਾ ਦੋਸ਼ ਲਗਾਉਂਦੇ ਹੋਏ ਆਗੂਆਂ ਨੇ ਫੈਸਲਾ ਕੀਤਾ ਹੈ ਕਿ ਸਮੁੱਚੇ ਦੇਸ਼ ਭਰ ਵਿਚ 26 ਨਵੰਬਰ ਨੂੰ ਸਟੇਟ ਪੱਧਰੀ ਅੰਦੋਲਨ ਦਿਹਾੜਾ ਮਨਾਇਆ ਜਾਵੇਗਾ। ਇਹ ਐਲਾਨ ਕਰਦਿਆਂ ਬਲਵੀਰ ਸਿੰਘ ਰਾਜੇਵਾਲ ਨੇ ਪੱਤਰਕਾਰ ਸੰਮੇਲਨ ਦੌਰਾਨ ਦੱਸਿਆ ਕਿ ਪੰਜ ਸਾਲ ਪਹਿਲਾਂ 26 ਨਵੰਬਰ ਨੂੰ ਕਿਸਾਨੀ ਮੰਗਾਂ ਨੂੰ ਲੈ ਕੇ ਸੰਘਰਸ਼ ਵਿੱਢਿਆ ਗਿਆ ਸੀ, ਇਸ ਦੇ ਮੱਦੇਨਜ਼ਰ ਉਨ੍ਹਾਂ ਕਿਹਾ ਕਿ ਵੱਖ-ਵੱਖ ਰਾਜ ਥਾਵਾਂ ਉਤੇ ਇਸ ਨੂੰ ਸੰਘਰਸ਼ ਦਿਨ ਵਜੋਂ ਮਨਾਇਆ ਜਾਵੇਗਾ।
ਦੂਜੇ ਪਾਸੇ ਆਗੂਆਂ ਨੇ ਇਹ ਵੀ ਐਲਾਨ ਕੀਤਾ ਕਿ ਅਮਰੀਕਾ ਅਤੇ ਪੱਛਮੀ ਦੇਸ਼ਾਂ ਦੇ ਦਬਾਅ ਹੇਠ ਜੋ ਕੇਂਦਰ ਸਰਕਾਰ ਖੇਤੀ ਅਤੇ ਇਸ ਨਾਲ ਸੰਬੰਧਿਤ ਸਹਾਇਕ ਧੰਦੇ ਜੋ ਕਿਸਾਨ ਹਿੱਤਾਂ ਵਿਚ ਨਹੀਂ ਹੋਣਗੇ, ਕਿਸਾਨ ਕਦੇ ਵੀ ਸਵੀਕਾਰ ਨਹੀਂ ਕਰਨਗੇ। ਹੜ੍ਹਾਂ ਦੀ ਗੱਲ ਕਰਦਿਆਂ ਆਗੂਆਂ ਨੇ ਕਿਹਾ ਕਿ ਇਹ ਇਕ ਮੈਨ ਮੇਡ ਵਰਤਾਰਾ ਸੀ ਨਾ ਕਿ ਕੁਦਰਤੀ ਕਰੋਪੀ। ਬਲਵੀਰ ਸਿੰਘ ਰਾਜੇਵਾਲ ਨੇ ਇਹ ਵੀ ਦੋਸ਼ ਲਾਇਆ ਕਿ ਬੀ.ਬੀ.ਐਮ.ਬੀ. ਇਕ ਸਾਜ਼ਿਸ਼ ਤਹਿਤ ਪੰਜਾਬ ਨੂੰ ਬਰਬਾਦ ਕਰਨ ਉਤੇ ਤੁਲੀ ਹੋਈ ਹੈ। ਉਨ੍ਹਾਂ ਪਾਣੀਆਂ ਦੇ ਮੁੱਦੇ ਉਤੇ ਵੀ ਬੀ.ਬੀ.ਐਮ.ਬੀ. ਨੂੰ ਕਰੜੇ ਹੱਥੀਂ ਲੈਂਦਿਆਂ ਕਿਹਾ ਕਿ ਉਹ ਹਰਿਆਣਾ ਅਤੇ ਪੰਜਾਬ ਦੇ ਕਿਸਾਨਾਂ ਨੂੰ ਆਪਸ ਵਿਚ ਉਲਝਾਉਣ ਉਤੇ ਤੁਲੀ ਹੋਈ ਹੈ। ਪੰਜਾਬ ਮੰਡੀ ਬੋਰਡ ਵਲੋਂ ਮੁਹਾਲੀ ਸਥਿਤ ਪੁੱਡਾ ਨੂੰ ਆਪਣੇ ਮੰਡੀ ਵੇਚਣ ਦੇ ਰੈਜ਼ੂਲੇਸ਼ਨ ਉਤੇ ਵੀ ਕਿਸਾਨ ਆਗੂਆਂ ਨੇ ਸਖਤ ਇਤਰਾਜ਼ ਕੀਤਾ। ਉਨ੍ਹਾਂ ਕਿਹਾ ਕਿ ਸਰਕਾਰ ਆਪਣੇ ਖਰਚੇ ਚਲਾਉਣ ਲਈ ਹੁਣ ਪੰਚਾਇਤੀ ਅਤੇ ਸਰਕਾਰੀ ਜਾਇਦਾਤਾਂ ਵੇਚਣ ਉਤੇ ਉਤਰ ਆਈ ਹੈ।