ਭਾਰਤ ਅਤੇ ਬਰਤਾਨੀਆ ਕੁਦਰਤੀ ਭਾਈਵਾਲ ਹਨ - ਪ੍ਰਧਾਨ ਮੰਤਰੀ ਮੋਦੀ

ਮੁੰਬਈ, 9 ਅਕਤੂਬਰ - ਬਰਤਾਨੀਆ ਦੇ ਪ੍ਰਧਾਨ ਮੰਤਰੀ ਕੀਰ ਸਟਾਰਮਰ ਨਾਲ ਇਕ ਸਾਂਝੇ ਬਿਆਨ ਵਿਚ, ਪ੍ਰਧਾਨ ਮੰਤਰੀ ਮੋਦੀ ਨੇ ਕਿਹਾ, "ਪ੍ਰਧਾਨ ਮੰਤਰੀ ਸਟਾਰਮਰ ਦੀ ਅਗਵਾਈ ਵਿਚ, ਭਾਰਤ ਅਤੇ ਬਰਤਾਨੀਆ ਦੇ ਸੰਬੰਧਾਂ ਵਿਚ ਮਹੱਤਵਪੂਰਨ ਪ੍ਰਗਤੀ ਹੋਈ ਹੈ। ਇਸ ਜੁਲਾਈ ਵਿਚ, ਮੇਰੀ ਬਰਤਾਨੀਆ ਫੇਰੀ ਦੌਰਾਨ, ਅਸੀਂ ਇਤਿਹਾਸਕ ਵਿਆਪਕ ਆਰਥਿਕ ਅਤੇ ਵਪਾਰ ਸਮਝੌਤੇ (ਸੀਈਟੀਏ) 'ਤੇ ਦਸਤਖਤ ਕੀਤੇ ਸਨ।" ਪ੍ਰਧਾਨ ਮੰਤਰੀ ਨੇ ਕਿਹਾ, "ਭਾਰਤ ਅਤੇ ਬਰਤਾਨੀਆ ਕੁਦਰਤੀ ਭਾਈਵਾਲ ਹਨ। ਲੋਕਤੰਤਰ, ਆਜ਼ਾਦੀ ਅਤੇ ਕਾਨੂੰਨ ਦੇ ਰਾਜ ਵਰਗੀਆਂ ਕਦਰਾਂ-ਕੀਮਤਾਂ ਵਿਚ ਆਪਸੀ ਵਿਸ਼ਵਾਸ ਸਾਡੇ ਸੰਬੰਧਾਂ ਦੀ ਨੀਂਹ ਵਿਚ ਹੈ। ਵਿਸ਼ਵਵਿਆਪੀ ਅਸਥਿਰਤਾ ਦੇ ਮੌਜੂਦਾ ਯੁੱਗ ਵਿਚ, ਭਾਰਤ ਅਤੇ ਬਰਤਾਨੀਆ ਵਿਚਕਾਰ ਇਹ ਵਧ ਰਹੀ ਭਾਈਵਾਲੀ ਵਿਸ਼ਵਵਿਆਪੀ ਸਥਿਰਤਾ ਅਤੇ ਆਰਥਿਕ ਤਰੱਕੀ ਲਈ ਇਕ ਮਹੱਤਵਪੂਰਨ ਅਧਾਰ ਰਹੀ ਹੈ। ਅੱਜ ਦੀ ਮੀਟਿੰਗ ਵਿਚ, ਅਸੀਂ ਇੰਡੋ-ਪੈਸੀਫਿਕ, ਪੱਛਮੀ ਏਸ਼ੀਆ ਵਿਚ ਸ਼ਾਂਤੀ ਅਤੇ ਸਥਿਰਤਾ ਅਤੇ ਯੂਕਰੇਨ ਸੰਘਰਸ਼ 'ਤੇ ਚਰਚਾ ਕੀਤੀ। ਯੂਕਰੇਨ ਸੰਘਰਸ਼ ਅਤੇ ਗਾਜ਼ਾ ਦੇ ਮੁੱਦਿਆਂ 'ਤੇ, ਭਾਰਤ ਗੱਲਬਾਤ ਅਤੇ ਕੂਟਨੀਤੀ ਰਾਹੀਂ ਸ਼ਾਂਤੀ ਲਈ ਸਾਰੇ ਯਤਨਾਂ ਦਾ ਸਮਰਥਨ ਕਰਦਾ ਹੈ। ਇੰਡੋ-ਪੈਸੀਫਿਕ ਖੇਤਰ ਵਿਚ, ਅਸੀਂ ਸਮੁੰਦਰੀ ਸੁਰੱਖਿਆ ਵਧਾਉਣ ਲਈ ਵਚਨਬੱਧ ਹਾਂ।"