ਐਨਆਈਏ ਵਲੋਂ ਬਿਹਾਰ ਵਿਚ ਤਲਾਸ਼ੀ ਦੌਰਾਨ ਹਥਿਆਰਾਂ ਅਤੇ ਗੋਲਾ ਬਾਰੂਦ ਦਾ ਜ਼ਖੀਰਾ ਜ਼ਬਤ

ਨਵੀਂ ਦਿੱਲੀ, 9 ਅਕਤੂਬਰ - ਰਾਸ਼ਟਰੀ ਜਾਂਚ ਏਜੰਸੀ (ਐਨਆਈਏ) ਨੇ ਕਿਹਾ ਕਿ ਬਿਹਾਰ ਵਿਚ 2024 ਦੇ ਹਥਿਆਰ ਤਸਕਰੀ ਮਾਮਲੇ ਦੇ ਇਕ ਦੋਸ਼ੀ ਦੇ ਘਰ ਛਾਪੇਮਾਰੀ ਦੌਰਾਨ ਹਥਿਆਰਾਂ, ਗੋਲਾ ਬਾਰੂਦ ਅਤੇ ਅਪਰਾਧਕ ਸਮੱਗਰੀ ਦਾ ਇਕ ਨਵਾਂ ਜ਼ਖੀਰਾ ਬਰਾਮਦ ਕੀਤਾ ਗਿਆ ਹੈ।
ਬਿਹਾਰ ਦੇ ਵੈਸ਼ਾਲੀ ਜ਼ਿਲ੍ਹੇ ਵਿਚ ਸੰਦੀਪ ਕੁਮਾਰ ਸਿਨਹਾ ਉਰਫ ਛੋਟੂ ਲਾਲਾ ਦੇ ਘਰ ਬੁੱਧਵਾਰ ਨੂੰ ਤਲਾਸ਼ੀ ਲਈ ਗਈ। ਐਨਆਈਏ ਨੇ ਕਿਹਾ ਕਿ ਏਜੰਸੀ ਨੇ ਇਕ 9 ਐਮਐਮ ਪਿਸਤੌਲ, 9 ਐਮਐਮ ਦੇ 18 ਜ਼ਿੰਦਾ ਕਾਰਤੂਸ, ਦੋ ਪਿਸਤੌਲ ਮੈਗਜ਼ੀਨ, ਇਕ ਡਬਲ-ਬੈਰਲ 12-ਬੋਰ ਬੰਦੂਕ, 35 ਜ਼ਿੰਦਾ 12-ਬੋਰ ਕਾਰਤੂਸ ਅਤੇ 4.21 ਲੱਖ ਰੁਪਏ ਨਕਦ ਜ਼ਬਤ ਕੀਤੇ ਹਨ।ਅਧਿਕਾਰੀਆਂ ਨੇ ਕਿਹਾ ਕਿ ਸਿਨਹਾ ਮੁੱਖ ਦੋਸ਼ੀ ਵਿਕਾਸ ਕੁਮਾਰ ਦਾ ਕਰੀਬੀ ਸਾਥੀ ਹੈ ਅਤੇ ਇਸ ਮਾਮਲੇ ਨਾਲ ਜੁੜੇ ਹਥਿਆਰ ਤਸਕਰੀ ਨੈੱਟਵਰਕ ਦਾ ਇੱਕ ਸਰਗਰਮ ਮੈਂਬਰ ਹੈ।
ਬਿਹਾਰ ਪੁਲਿਸ ਨੇ ਸ਼ੁਰੂ ਵਿਚ ਇਕ ਏਕੇ-47 ਰਾਈਫਲ ਅਤੇ ਜ਼ਿੰਦਾ ਕਾਰਤੂਸ ਦੀ ਬਰਾਮਦਗੀ ਤੋਂ ਬਾਅਦ ਕੇਸ ਦਰਜ ਕੀਤਾ ਸੀ।ਅਗਸਤ 2024 ਵਿਚ, ਐਨਆਈਏ ਨੇ ਜਾਂਚ ਆਪਣੇ ਹੱਥਾਂ ਵਿਚ ਲੈ ਲਈ, ਜੋ ਕਿ ਨਾਗਾਲੈਂਡ ਤੋਂ ਬਿਹਾਰ ਤੱਕ ਹਥਿਆਰਾਂ ਅਤੇ ਗੋਲਾ ਬਾਰੂਦ ਦੀ ਗੈਰ-ਕਾਨੂੰਨੀ ਤਸਕਰੀ ਨਾਲ ਸੰਬੰਧਿਤ ਹੈ।