ਜੱਜ ਵਲੋਂ ਚੈਤਨਯਾਨੰਦ ਸਰਸਵਤੀ ਦੀ ਜ਼ਮਾਨਤ ਪਟੀਸ਼ਨ 'ਤੇ ਸੁਣਵਾਈ ਤੋਂ ਇਨਕਾਰ

ਨਵੀਂ ਦਿੱਲੀ, 9 ਅਕਤੂਬਰ - ਜੱਜ ਨੇ ਚੈਤਨਯਾਨੰਦ ਸਰਸਵਤੀ ਦੀ ਜ਼ਮਾਨਤ ਪਟੀਸ਼ਨ 'ਤੇ ਸੁਣਵਾਈ ਤੋਂ ਇਨਕਾਰ ਕਰ ਦਿੱਤਾ ਹੈ। ਮਾਮਲੇ ਨੂੰ ਅੱਜ ਦੁਪਹਿਰ 12 ਵਜੇ ਪਟਿਆਲਾ ਹਾਊਸ ਕੋਰਟ ਦੇ ਜ਼ਿਲ੍ਹਾ ਜੱਜ ਸਾਹਮਣੇ ਸੂਚੀਬੱਧ ਕਰਨ ਦਾ ਨਿਰਦੇਸ਼ ਦਿੱਤਾ ਗਿਆ ਹੈ।
ਇਕ ਦਿਨ ਪਹਿਲਾਂ, ਅਦਾਲਤ ਨੇ ਪਿਆਜ਼-ਲਸਣ-ਮੁਕਤ ਭੋਜਨ, ਐਨਕਾਂ ਅਤੇ ਦਵਾਈ ਲਈ ਚੈਤਨਿਆਨੰਦ ਦੀ ਪਟੀਸ਼ਨ ਨੂੰ ਮਨਜ਼ੂਰੀ ਦਿੰਦੇ ਹੋਏ ਇਕ ਅੰਤਰਿਮ ਆਦੇਸ਼ ਪਾਸ ਕੀਤਾ ਸੀ। ਦੋਸ਼ੀ ਨੇ ਭਗਵੇਂ ਕੱਪੜੇ, ਅਧਿਆਤਮਿਕ ਕਿਤਾਬਾਂ ਅਤੇ ਜੇਲ੍ਹ ਵਿਚ ਬਿਸਤਰੇ ਦੀ ਵੀ ਮੰਗ ਕੀਤੀ ਹੈ। ਅਦਾਲਤ ਨੇ ਇਸ ਮਾਮਲੇ 'ਤੇ ਦਿੱਲੀ ਪੁਲਿਸ ਤੋਂ ਜਵਾਬ ਮੰਗਿਆ ਹੈ। ਦਿੱਲੀ ਪੁਲਿਸ ਨੇ ਚੈਤਨਿਆਨੰਦ ਨੂੰ 27 ਸਤੰਬਰ ਨੂੰ ਕਥਿਤ ਛੇੜਛਾੜ ਦੇ ਮਾਮਲੇ ਵਿਚ ਆਗਰਾ ਤੋਂ ਗ੍ਰਿਫ਼ਤਾਰ ਕੀਤਾ ਸੀ। ਉਸ ਨੂੰ 28 ਸਤੰਬਰ ਨੂੰ ਪੰਜ ਦਿਨਾਂ ਦੇ ਰਿਮਾਂਡ 'ਤੇ ਲਿਆ ਗਿਆ ਸੀ। ਪਟਿਆਲਾ ਹਾਊਸ ਕੋਰਟ ਨੇ ਉਸ ਨੂੰ 3 ਅਕਤੂਬਰ ਨੂੰ 14 ਦਿਨਾਂ ਦੀ ਨਿਆਂਇਕ ਹਿਰਾਸਤ ਵਿਚ ਭੇਜ ਦਿੱਤਾ ਸੀ। ਉਹ 17 ਅਕਤੂਬਰ ਤੱਕ ਹਿਰਾਸਤ ਵਿਚ ਹੈ।