ਦਿਹਾਤੀ ਪੁਲਿਸ ਵਲੋਂ 3 ਪਿਸਟਲ, 10 ਜ਼ਿੰਦਾ ਰੌਂਦ, ਇਕ ਮੋਬਾਈਲ ਅਤੇ ਮੋਟਰ ਸਾਈਕਲ ਸਮੇਤ 2 ਗ੍ਰਿਫਤਾਰ

ਅਟਾਰੀ, (ਅੰਮ੍ਰਿਤਸਰ) 9 ਅਕਤੂਬਰ (ਗੁਰਦੀਪ ਸਿੰਘ ਅਟਾਰੀ /ਰਾਜਿੰਦਰ ਸਿੰਘ ਰੂਬੀ)- ਮਾਣਯੋਗ ਡੀ.ਜੀ.ਪੀ. ਪੰਜਾਬ ਦੀਆਂ ਹਦਾਇਤਾਂ ਅਨੁਸਾਰ ਜ਼ਿਲ੍ਹਾ ਪੁਲਿਸ ਮੁਖੀ ਅੰਮ੍ਰਿਤਸਰ ਦਿਹਾਤੀ ਮਨਿੰਦਰ ਸਿੰਘ ਅਤੇ ਗੁਰਿੰਦਰਪਾਲ ਸਿੰਘ, ਡੀ.ਐਸ.ਪੀ (ਡੀ) ਦੀ ਅਗਵਾਈ ਹੇਠ ਸਪੈਸ਼ਲ ਸੈੱਲ ਅੰਮ੍ਰਿਤਸਰ ਦਿਹਾਤੀ ਦੀ ਟੀਮ ਨੇ ਇੰਟੈਲੀਜੈਂਸ-ਅਧਾਰਤ ਕਾਰਵਾਈ ਦੌਰਾਨ ਉਕਤ ਵਿਅਕਤੀਆਂ ਨੂੰ ਗ੍ਰਿਫਤਾਰ ਕਰਨ ਵਿਚ ਵੱਡੀ ਸਫ਼ਲਤਾ ਪ੍ਰਾਪਤ ਕੀਤੀ ਹੈ।
ਗੁਰਿੰਦਰਪਾਲ ਸਿੰਘ, ਡੀ.ਐਸ.ਪੀ (ਡੀ) ਵਲੋਂ ਦਿੱਤੀ ਜਾਣਕਾਰੀ ਅਨੁਸਾਰ, ਸਪੈਸ਼ਲ ਸੈੱਲ ਅੰਮ੍ਰਿਤਸਰ ਦਿਹਾਤੀ ਦੀ ਟੀਮ ਨੂੰ ਗੁਪਤ ਸੂਚਨਾ ਪ੍ਰਾਪਤ ਹੋਈ ਕਿ ਪ੍ਰਭਜੀਤ ਸਿੰਘ ਉਰਫ਼ ਹੱਪਾ ਅਤੇ ਜਸਨਦੀਪ ਸਿੰਘ ਵਾਸੀ ਪਿੰਡ ਦਾਉਕੇ ਪਾਕਿਸਤਾਨ-ਅਧਾਰਤ ਸਮੱਗਲਰਾਂ ਨਾਲ ਸਿੱਧੇ ਸੰਪਰਕ ਵਿਚ ਹਨ ਅਤੇ ਸੋਸ਼ਲ ਮੀਡੀਆ ਰਾਹੀਂ ਹਥਿਆਰਾਂ ਅਤੇ ਹੋਰ ਗੈਰਕਾਨੂੰਨੀ ਸਮੱਗਰੀ ਦੀ ਪ੍ਰਾਪਤੀ ਅਤੇ ਸਪਲਾਈ ਦਾ ਕੰਮ ਕਰਦੇ ਹਨ। ਇਸ ਸੂਚਨਾ ’ਤੇ ਤੁਰੰਤ ਕਾਰਵਾਈ ਕਰਦਿਆਂ, ਸਪੈਸ਼ਲ ਸੈੱਲ ਅੰਮ੍ਰਿਤਸਰ ਦਿਹਾਤੀ ਵਲੋਂ ਇੰਟੈਲੀਜੈਂਸ-ਲੀਡ ਆਪ੍ਰੇਸ਼ਨ ਦੌਰਾਨ ਉਕਤ ਵਿਅਕਤੀਆਂ ਨੂੰ 3 ਪਿਸਟਲ (.30 ਬੋਰ), 10 ਜ਼ਿੰਦਾ ਰੌਂਦ, ਇਕ ਮੋਬਾਈਲ ਫੋਨ ਅਤੇ ਇਕ ਬਿਨ੍ਹਾਂ ਨੰਬਰੀ ਮੋਟਰ ਸਾਈਕਲ ਸਮੇਤ ਕਾਬੂ ਕੀਤਾ ਗਿਆ।
ਇਸ ਸੰਬੰਧੀ ਥਾਣਾ ਘਰਿੰਡਾ ਵਿਖੇ ਧਾਰਾ 25(8)/54/59 ਅਸਲਾ ਐਕਟ ਅਤੇ 61(2) ਬੀ.ਐਨ.ਐਸ. ਤਹਿਤ ਪਰਚਾ ਦਰਜ ਕਰਕੇ ਤਫਤੀਸ਼ ਸ਼ੁਰੂ ਕੀਤੀ ਗਈ ਹੈ। ਉਕਤ ਗ੍ਰਿਫਤਾਰ ਦੇ ਵਿਅਕਤੀ ਦੇ ਅਗਲੇ ਤੇ ਪਿਛਲੇ ਲਿੰਕ ਦੀ ਗਹਿਰਾਈ ਨਾਲ ਜਾਂਚ ਕੀਤੀ ਜਾ ਰਹੀ ਅਤੇ ਇਸ ਨੈੱਟਵਰਕ ਨਾਲ ਜੁੜੇ ਹੋਰ ਵਿਅਕਤੀਆਂ ਦੀ ਸ਼ਮੂਲੀਅਤ ਸਾਹਮਣੇ ਆਉਣ ’ਤੇ ਉਨ੍ਹਾਂ ਖਿਲਾਫ਼ ਵੀ ਸਖਤ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ।