JALANDHAR WEATHER

ਚੌਰਮਾਰ ਸਾਹਿਬ (ਸਿਰਸਾ) ਦੀ ਸੰਗਤ ਵਲੋਂ ਮੰਡ ਬਾਊਪੁਰ ਵਿਖੇ ਹੜ੍ਹ ਰਾਹਤ ਕਾਰਜਾਂ ਲਈ 4 ਲੱਖ ਦੀ ਸੇਵਾ ਭੇਟ

ਸੁਲਤਾਨਪੁਰ ਲੋਧੀ, 9 ਅਕਤੂਬਰ (ਥਿੰਦ)-ਬੀਤੇ ਦਿਨੀਂ ਭਾਰੀ ਬਾਰਿਸ਼ਾਂ ਤੋਂ ਬਾਅਦ ਬਿਆਸ ਦਰਿਆ ਵਿਚ ਆਏ ਹੜ੍ਹਾਂ ਨਾਲ ਹਲਕਾ ਸੁਲਤਾਨਪੁਰ ਲੋਧੀ ਦੇ ਮੰਡ ਬਾਊਪੁਰ ਦੇ ਇਲਾਕੇ ਵਿਚ ਲੋਕਾਂ ਦਾ ਭਾਰੀ ਨੁਕਸਾਨ ਹੋਇਆ ਸੀ, ਜਿਸ ਦੇ ਚਲਦਿਆਂ ਵੱਖ-ਵੱਖ ਸਮਾਜ ਸੇਵੀ ਜਥੇਬੰਦੀਆਂ ਅਤੇ ਰਾਜਨੀਤਕ ਪਾਰਟੀਆਂ ਵਲੋਂ ਲੋਕਾਂ ਦੇ ਨੁਕਸਾਨ ਦੀ ਭਰਪਾਈ ਕਰਨ ਲਈ ਦਿਲ ਖੋਲ੍ਹ ਕੇ ਮਦਦ ਕੀਤੀ ਜਾ ਰਹੀ ਹੈ। ਅੱਜ ਹਰਿਆਣਾ ਸੂਬੇ ਦੇ ਜ਼ਿਲ੍ਹਾ ਸਿਰਸਾ ਦੇ ਪਿੰਡ ਚੌਰਮਾਰ ਸਾਹਿਬ ਤੋਂ ਵੱਡੀ ਗਿਣਤੀ ਵਿਚ ਪੁੱਜੇ ਇਲਾਕਾ ਨਿਵਾਸੀਆਂ ਨੇ ਮੰਡ ਬਾਊਪੁਰ ਇਲਾਕੇ ਦਾ ਦੌਰਾ ਕੀਤਾ ਅਤੇ ਉਥੇ ਨੁਕਸਾਨ ਦਾ ਜਾਇਜ਼ਾ ਲਿਆ।

ਇਸ ਮੌਕੇ ਉਨ੍ਹਾਂ ਨੇ ਬੰਨ੍ਹ ਬੰਨ੍ਹਣ ਲਈ ਚੱਲ ਰਹੀ ਸੇਵਾ ਦਾ ਨਿਰੀਖਣ ਕੀਤਾ। ਇਸ ਦੌਰਾਨ ਚੌਰਮਾਰ ਸਾਹਿਬ ਤੋਂ ਪੁੱਜੇ ਪਰਮਜੀਤ ਸਿੰਘ, ਲਾਭ ਸਿੰਘ, ਸੁਖਦੇਵ ਸਿੰਘ, ਗੁਰਪ੍ਰੀਤ ਸਿੰਘ, ਲਖਵਿੰਦਰ ਸਿੰਘ, ਬਲਕੌਰ ਸਿੰਘ, ਜਸਵੀਰ ਸਿੰਘ, ਬਲਜੀਤ ਸਿੰਘ ਅਤੇ ਜਸਵੀਰ ਸਿੰਘ ਭੋਲਾ ਨੇ ਦੱਸਿਆ ਕਿ ਪੰਜਾਬ ਵਿਚ ਹੜ੍ਹਾਂ ਨਾਲ ਹੋਈ ਤ੍ਰਾਸਦੀ ਨੂੰ ਦੇਖਦਿਆਂ ਸਾਡੇ ਇਲਾਕੇ ਨੇ ਫੈਸਲਾ ਕੀਤਾ ਸੀ ਕਿ ਆਪਣੇ ਭਰਾਵਾਂ ਦੀ ਮਦਦ ਕੀਤੀ ਜਾਵੇ। ਇਸ ਤੋਂ ਬਾਅਦ ਇਲਾਕੇ ਦੀਆਂ ਸੰਗਤਾਂ ਵਲੋਂ ਸਹਿਯੋਗ ਦਿੰਦਿਆਂ ਵੱਡੀ ਪੱਧਰ ਉਤੇ ਪੈਸੇ ਇਕੱਠੇ ਕੀਤੇ ਗਏ ਸਨ। ਉਨ੍ਹਾਂ ਕਿਹਾ ਕਿ ਮੰਡ ਖੇਤਰ ਵਿਚ ਖੇਤਾਂ ਵਿਚੋਂ ਰੇਤਾ ਸਾਫ਼ ਕਰਨ ਲਈ ਅਤੇ ਬੰਨ੍ਹ ਬੰਨ੍ਹਣ ਲਈ ਆਰਥਿਕ ਮਦਦ ਦੀ ਲੋੜ ਸੀ, ਜਿਸ ਨੂੰ ਦੇਖਦਿਆਂ ਅੱਜ ਮੰਡ ਇਲਾਕੇ ਦੀ ਹੜ੍ਹ ਪੀੜਤ ਕਮੇਟੀ ਨੂੰ 4 ਲੱਖ ਰੁਪਏ ਦਾ ਸਹਿਯੋਗ ਦਿੱਤਾ।

ਉਨ੍ਹਾਂ ਕਿਹਾ ਕਿ ਉਹ ਆਉਣ ਵਾਲੇ ਸਮੇਂ ਵਿਚ ਵੀ ਹੋਰ ਸਹਿਯੋਗ ਕਰਨਗੇ। ਇਸ ਮੌਕੇ ਹੜ੍ਹ ਪੀੜਤ ਕਮੇਟੀ ਦੇ ਆਗੂਆਂ ਪਰਮਜੀਤ ਸਿੰਘ ਬਾਊਪੁਰ, ਨੰਬਰਦਾਰ ਕੁਲਦੀਪ ਸਿੰਘ ਸਾਂਗਰਾ, ਸਰਪੰਚ ਗੁਰਮੀਤ ਸਿੰਘ ਨੇ ਦੱਸਿਆ ਕਿ ਪੰਜਾਬ ਅਤੇ ਹੋਰ ਸੂਬਿਆਂ ਦੀਆਂ ਸੰਗਤਾਂ ਵਲੋਂ ਸਾਡੇ ਇਲਾਕੇ ਵਿਚ ਦਿਲ ਖੋਲ੍ਹ ਕੇ ਸਹਿਯੋਗ ਦਿੱਤਾ ਜਾ ਰਿਹਾ ਹੈ। ਉਨ੍ਹਾਂ ਆਖਿਆ ਕਿ ਇਸ ਪੈਸੇ ਨਾਲ ਆਰਜ਼ੀ ਬੰਨ੍ਹ ਨੂੰ ਮਜ਼ਬੂਤ ਕਰਨ ਦੇ ਨਾਲ-ਨਾਲ ਖੇਤਾਂ ਵਿਚੋਂ ਰੇਤਾ ਸਾਫ਼ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਮੰਡ ਖੇਤਰ ਵਿਚ ਜਿਨ੍ਹਾਂ ਲੋਕਾਂ ਦੇ ਘਰ ਢਹਿ ਗਏ ਹਨ, ਉਨ੍ਹਾਂ ਨੂੰ ਸਹਿਯੋਗ ਦਿੱਤਾ ਜਾਵੇਗਾ। ਇਸ ਮੌਕੇ ਗੌਰਮਿੰਟ ਟੀਚਰਜ਼ ਯੂਨੀਅਨ ਦੇ ਪ੍ਰਧਾਨ ਸੁਖਚੈਨ ਸਿੰਘ ਬੱਧਨ, ਕਾਰਜ ਸਿੰਘ, ਜਗਮੋਹਣ ਸਿੰਘ, ਪ੍ਰਦੀਪ ਸਿੰਘ ਘੁਮਾਣ, ਰਸ਼ਪਾਲ ਸਿੰਘ ਵੜੈਚ, ਬਲਜੀਤ ਸਿੰਘ ਟਿੱਬਾ, ਅਮਨਦੀਪ ਸਿੰਘ, ਯਾਦਵਿੰਦਰ ਸਿੰਘ ਪੰਡੋਰੀ ਆਦਿ ਹਾਜ਼ਰ ਸਨ। 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ