JALANDHAR WEATHER

ਲੌਂਗੋਵਾਲ ਇਲਾਕਾ ਚਿਕਣਗੁਣੀਆ ਬੁਖਾਰ ਦੀ ਬੁਰੀ ਤਰ੍ਹਾਂ ਲਪੇਟ 'ਚ ਆਇਆ

ਲੌਂਗੋਵਾਲ, 8 ਅਕਤੂਬਰ (ਵਿਨੋਦ ਸ਼ਰਮਾ)-ਲੌਂਗੋਵਾਲ ਇਲਾਕੇ ਵਿਚ ਬੁਖਾਰ, ਸੈੱਲ ਘਟਣ, ਡੇਂਗੂ ਅਤੇ ਚਿਕਨਗੁਣੀਆ ਦੀ ਬੀਮਾਰੀ ਫੈਲ ਜਾਣ ਕਾਰਨ ਹਾਲਤ ਦਿਨੋ-ਦਿਨ ਬਦਤਰ ਹੋ ਰਹੀ ਹੈ। ਇਥੇ ਹਰੇਕ ਘਰ ਵਿਚ ਕੋਈ ਨਾ ਕੋਈ ਮਰੀਜ਼ ਇਸ ਬੀਮਾਰੀ ਤੋਂ ਪੀੜਤ ਚੱਲ ਰਿਹਾ ਹੈ। ਨਿੱਜੀ ਅਤੇ ਸਰਕਾਰੀ ਹਸਪਤਾਲ ਗੰਭੀਰ ਕਿਸਮ ਦੇ ਵਾਇਰਲ ਨਾਲ ਹੋਣ ਵਾਲੇ ਬੁਖਾਰ ਕਰਕੇ ਭਰੇ ਪਏ ਹਨ। ਇਨ੍ਹਾਂ ਗੰਭੀਰ ਬੀਮਾਰੀਆਂ ਤੋਂ ਬਚਾਅ ਲਈ ਸਿਹਤ ਵਿਭਾਗ ਵਲੋਂ ਕੋਈ ਖਾਸ ਉਪਰਾਲਾ ਅਜੇ ਤੱਕ ਵੇਖਣ ਨੂੰ ਨਹੀਂ ਮਿਲਿਆ। ਇਥੋਂ ਦਾ ਸਰਕਾਰੀ ਹਸਪਤਾਲ ਖ਼ੁਦ ਬੀਮਾਰ ਨਜ਼ਰ ਆ ਰਿਹਾ ਹੈ ਅਤੇ ਡਾਕਟਰਾਂ ਦੀ ਕਮੀ ਨਾਲ ਜੂਝ ਰਿਹਾ ਹੈ। ਇਥੋਂ ਦਾ ਸਰਕਾਰੀ ਹਸਪਤਾਲ ਸਮੇਂ ਅਨੁਸਾਰ ਖੁੱਲ੍ਹਦਾ ਅਤੇ ਬੰਦ ਹੁੰਦਾ ਹੈ ਜਦਕਿ ਇਥੇ ਐਮਰਜੈਂਸੀ ਸੇਵਾਵਾਂ ਬੀਤੇ ਲੰਮੇ ਸਮੇਂ ਤੋਂ ਬੰਦ ਪਈਆਂ ਹਨ। ਸ਼ਹਿਰ ਵਿਚ ਵੱਡੇ ਪੱਧਰ ਉਤੇ ਮਹਾਮਾਰੀ ਫੈਲ ਜਾਣ ਦੇ ਬਾਵਜੂਦ ਸਿਹਤ ਵਿਭਾਗ ਲੌਂਗੋਵਾਲ ਖੇਤਰ ਨੂੰ ਅਜੇ ਤੱਕ ਗੰਭੀਰਤਾ ਨਾਲ ਨਹੀਂ ਲੈ ਰਿਹਾ। ਇਨ੍ਹਾਂ ਹਾਲਾਤ ਵਿਚ ਨਗਰ ਕੌਂਸਲ ਪ੍ਰਧਾਨ ਪਰਮਿੰਦਰ ਕੌਰ ਬਰਾੜ ਅਤੇ ਕਮਲ ਬਰਾੜ ਵਲੋਂ ਭਾਵੇਂ ਨਿੱਜੀ ਦਿਲਚਸਪੀ ਨਾਲ ਵੱਖ-ਵੱਖ ਵਾਰਡਾਂ ਵਿਚ ਫੌਗਿੰਗ ਮਸ਼ੀਨ ਨਾਲ ਧੂੰਏਂ ਦਾ ਛਿੜਕਾਅ ਕੀਤਾ ਜਾ ਰਿਹਾ ਹੈ ਪਰ ਲੌਂਗੋਵਾਲ ਵਿਚ ਸਫ਼ਾਈ ਪੱਖੋਂ ਬੁਰਾ ਹਾਲ ਅਤੇ ਸਿਹਤ ਕਰਮੀਆਂ ਦੇ ਡੰਗ ਟਪਾਊ ਵਤੀਰੇ ਤੋਂ ਲੋਕ ਪ੍ਰੇਸ਼ਾਨ ਹਨ।

ਅਜਿਹੇ ਹਾਲਾਤ ਇਕੱਲੇ ਲੌਂਗੋਵਾਲ ਵਿਚ ਨਹੀਂ ਹੈ ਸਗੋਂ ਨੇੜਲੇ ਪਿੰਡਾਂ ਸ਼ੇਰੋਂ, ਨਮੋਲ, ਦਿਆਲਗੜ੍ਹ, ਢੱਡਰੀਆਂ, ਸਾਰੀਆਂ ਪਿੰਡੀਆਂ, ਤੋਗਵਾਲ, ਲੋਹਾਖੇੜਾ, ਬੁਗਰਾਂ, ਮੰਡੇਰ, ਰੱਤੋ ਕੇ ਤਕੀਪੁਰ ਅਤੇ ਹੋਰਨਾਂ ਪਿੰਡਾਂ ਵਿਚ ਵੀ ਹਨ। ਮੋਹਤਬਰਾਂ ਨੇ ਮੰਗ ਰੱਖੀ ਹੈ ਕਿ ਸੁਨਾਮ ਸ਼ਹਿਰ ਬੀਮਾਰੀਆਂ ਦੀ ਮਾਰ ਹੇਠ ਹੋਣ ਕਾਰਨ ਮਾਣਯੋਗ ਕੈਬਨਿਟ ਮੰਤਰੀ ਅਮਨ ਅਰੋੜਾ ਵਲੋਂ ਘਰ-ਘਰ ਮਾਹਿਰ ਡਾਕਟਰਾਂ ਦੀਆਂ ਟੀਮਾਂ ਭੇਜੀਆਂ ਜਾ ਰਹੀਆਂ ਹਨ। ਲੌਂਗੋਵਾਲ ਵੀ ਹਲਕਾ ਸੁਨਾਮ ਅਧੀਨ ਆਉਂਦਾ ਹੈ ਅਤੇ ਇਥੇ ਵੀ ਲੋਕ ਵਸਦੇ ਹਨ। ਇਸ ਲਈ ਇਸ ਖੇਤਰ ਵਿਚ ਵੀ ਦਵਾਈ ਦੇ ਛਿੜਕਾਅ, ਬੀਮਾਰੀਆਂ ਦੇ ਨਮੂਨੇ ਲੈਣ ਅਤੇ ਇਲਾਜ ਲਈ ਡਾਕਟਰੀ ਟੀਮਾਂ ਭੇਜੀਆਂ ਜਾਣ। ਲੋਕਾਂ ਨੇ ਮੰਗ ਕੀਤੀ ਹੈ ਕਿ ਸਰਕਾਰੀ ਸਿਹਤ ਸੇਵਾਵਾਂ 24 ਘੰਟੇ ਚਲਦੀਆਂ ਰੱਖੀਆਂ ਜਾਣ। 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ