ਟੇਕਆਫ਼ ਦੌਰਾਨ ਵਿਗੜਿਆ ਜਹਾਜ਼ ਦਾ ਸੰਤੁਲਨ, ਰਨਵੇਅ ’ਤੇ ਫਿਸਲਿਆ

ਲਖਨਊ, 9 ਅਕਤੂਬਰ- ਅੱਜ ਉੱਤਰ ਪ੍ਰਦੇਸ਼ ਦੇ ਫਾਰੂਖਾਬਾਦ ਜ਼ਿਲ੍ਹੇ ਵਿਖੇ ਖਿੰਸੇਪੁਰ ਉਦਯੋਗਿਕ ਖੇਤਰ ਵਿਚ ਇਕ ਵੱਡਾ ਹਵਾਈ ਹਾਦਸਾ ਹੋਣ ਤੋਂ ਟਲ ਗਿਆ। ਇਕ ਮਿੰਨੀ-ਜੈੱਟ ਜਹਾਜ਼ ਉਡਾਣ ਭਰਦੇ ਸਮੇਂ ਰਨਵੇਅ ਤੋਂ ਫਿਸਲ ਗਿਆ ਅਤੇ ਝਾੜੀਆਂ ਵਿਚ ਜਾ ਕੇ ਰੁਕਿਆ। ਮਿੰਨੀ-ਜੈੱਟ ਜਹਾਜ਼ ਇਕ ਉਦਯੋਗਪਤੀ ਦੇ ਪਰਿਵਾਰ ਨੂੰ ਖਿੰਸੇਪੁਰ ਲੈ ਜਾ ਰਿਹਾ ਸੀ।
ਰਨਵੇਅ ’ਤੇ ਰਫ਼ਤਾਰ ਫੜਦੇ ਹੋਏ ਜਹਾਜ਼ ਕੰਟਰੋਲ ਤੋਂ ਬਾਹਰ ਹੋ ਗਿਆ ਅਤੇ ਸੀਮਾ ਤੋਂ ਠੀਕ ਪਹਿਲਾਂ ਝਾੜੀਆਂ ਵਿਚ ਜਾ ਰੁਕਿਆ। ਉਦਯੋਗਪਤੀ ਅਤੇ ਉਸ ਦਾ ਪਰਿਵਾਰ ਵਾਲ-ਵਾਲ ਬਚ ਗਏ, ਜਿਸ ਨਾਲ ਇਕ ਵੱਡਾ ਹਾਦਸਾ ਹੋਣ ਤੋਂ ਟਲ ਗਿਆ। ਘਟਨਾ ਦੀ ਜਾਣਕਾਰੀ ਮਿਲਦੇ ਹੀ ਸਥਾਨਕ ਅਧਿਕਾਰੀ ਮੌਕੇ ’ਤੇ ਪਹੁੰਚੇ ਅਤੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।
ਮਿਲੀ ਜਾਣਕਾਰੀ ਅਨੁਸਾਰ ਖਿੰਸੇਪੁਰ ਇੰਡਸਟਰੀਅਲ ਏਰੀਆ ਵਿਚ ਬਣ ਰਹੀ ਬੀਅਰ ਫੈਕਟਰੀ ਦੇ ਡੀ.ਐਮ.ਡੀ. ਅਜੈ ਅਰੋੜਾ, ਐਸ.ਬੀ.ਆਈ. ਹੈੱਡ ਸੁਮਿਤ ਸ਼ਰਮਾ ਅਤੇ ਬੀ.ਪੀ.ਓ. ਰਾਕੇਸ਼ ਟੀਕੂ ਜੋ ਕੱਲ੍ਹ ਸਵੇਰੇ 3:00 ਵਜੇ ਭੋਪਾਲ ਤੋਂ ਮੁਹੰਮਦਾਬਾਦ ਕਸਬੇ ਵਿਚ ਸਰਕਾਰੀ ਹਵਾਈ ਪੱਟੀ ’ਤੇ ਫੈਕਟਰੀ ਦੇ ਨਿਰਮਾਣ ਕਾਰਜ ਦਾ ਨਿਰੀਖਣ ਕਰਨ ਲਈ ਪਹੁੰਚੇ ਸਨ, ਅੱਜ ਸਵੇਰੇ 10:30 ਵਜੇ ਜੈੱਟ ਸਰਵਿਸ ਏਵੀਏਸ਼ਨ ਪ੍ਰਾਈਵੇਟ ਲਿਮਟਿਡ ਦੇ ਪ੍ਰਾਈਵੇਟ ਜੈਟ, ਵੀ.ਟੀ. ਡੇਜ਼ ’ਤੇ ਭੋਪਾਲ ਲਈ ਰਵਾਨਾ ਹੋਏ। ਟੇਕਆਫ਼ ਦੌਰਾਨ ਜੈੱਟ ਕੰਟਰੋਲ ਤੋਂ ਬਾਹਰ ਹੋ ਗਿਆ ਅਤੇ ਨੇੜਲੀਆਂ ਝਾੜੀਆਂ ਵਿਚ ਜਾ ਟਕਰਾਇਆ। ਹਾਦਸਾ ਹੋਣ ਤੋਂ ਪਹਿਲਾਂ ਜਹਾਜ਼ ਰਨਵੇਅ ’ਤੇ ਲਗਭਗ 400 ਮੀਟਰ ਦੌੜ ਗਿਆ ਸੀ।